23 ਸਾਲਾ ਫੌਜੀ ਜਵਾਨ ਦੀ ਮੌਤ, ਪਰਿਵਾਰ ਨੇ ਡੀਸੀ ਦਫ਼ਤਰ ਅੱਗੇ ਧਰਨਾ ਲਾ ਕੀਤਾ ਪ੍ਰਦਰਸ਼ਨ, ਫੌਜ 'ਤੇ ਲਾਏ ਗੰਭੀਰ ਇਲਜ਼ਾਮ
ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਅਮਰਪਾਲ ਸਿੰਘ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ।
ਗੁਰਦਾਸਪੁਰ: ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਅਮਰਪਾਲ ਸਿੰਘ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਮਾਮਲੇ 'ਚ ਪਰਿਵਾਰ ਨੇ ਆਰੋਪ ਲਗਾਏ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਦੀ ਬੇਕਦਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਰ ਦਿੱਤਾ ਗਿਆ।
ਪਰਿਵਾਰ ਨੇ ਇਲਜ਼ਾਮ ਲਾਏ ਕਿ ਉਸਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਅੱਜ ਪਰਿਵਾਰ ਨੇ ਫੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਡੀਸੀ ਦਫ਼ਤਰ ਅੱਗੇ ਰੱਖ ਧਰਨਾ ਲੱਗਾ ਕੇ ਕੇਂਦਰ ਸਰਕਾਰ ਖਿਲ਼ਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕਿਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਮ੍ਰਿਤਕ ਫੌਜੀ ਨੂੰ ਬਣਦਾ ਸਨਮਾਨ ਦਿੱਤਾ ਜਾਵੇ।
ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਜਵਾਨ ਦੇ ਪਰੀਵਾਰਕ ਮੈਂਬਰਾਂ ਨੇ ਕਿਹਾ ਦੇਸ਼ ਦੀ ਰੱਖਿਆ ਲਈ ਉਹਨਾਂ ਦਾ ਪੁੱਤਰ ਕਰੀਬ ਢਾਈ ਸਾਲ ਪਹਿਲਾਂ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ ਕੱਲ੍ਹ ਉਨ੍ਹਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਆਰੋਪ ਲਗਾਏ ਕਿ ਜਿਹੜੇ ਆਰਮੀ ਦੇ ਜਵਾਨ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਛੱਡਣ ਆਏ ਸੀ ਉਹ ਪਿੰਡ ਦੇ ਬਾਹਰ ਵਾਰ ਹੀ ਮ੍ਰਿਤਕ ਦੇਹ ਨੂੰ ਛੱਡ ਕੇ ਚੱਲੇ ਗਏ। ਮ੍ਰਿਤਕ ਦੇਹ ਨੂੰ ਲਿਫਾਫੇ ਵਿਚ ਬੁਰੇ ਤਰੀਕੇ ਨਾਲ਼ ਲਪੇਟਿਆ ਹੋਇਆ ਸੀ ਅਤੇ ਉਹਨਾਂ ਦੇ ਪੁੱਤਰ ਦੇ ਸ਼ਰੀਰ ਦੀ ਬੇਅਦਬੀ ਕਿਤੀ ਗਈ।
ਉਹਨਾਂ ਨੇ ਅੱਜ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸਨ ਕਰ ਮੰਗ ਕਿਤੀ ਕਿ ਜਵਾਨ ਅਮਰਪਾਲ ਦੀ ਮੌਤ ਕਿਵੇਂ ਹੋਈ ਹੈ ਓਸਦੀ ਜਾਂਚ ਕੀਤੀ ਜਾਵੇ। ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਖੁਦਕੁਸ਼ੀ ਨਹੀਂ ਕਰ ਸਕਦਾ। ਉੁਨ੍ਹਾਂ ਮੰਗ ਕੀਤੀ ਕਿ ਜਵਾਨ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਜਦੋਂ ਤੱਕ ਉਨ੍ਹਾਂ ਨੂੰ ਸਰਕਾਰੀ ਸਨਮਾਨ ਨਹੀਂ ਮਿਲਦਾ ਓਦੋਂ ਤੱਕ ਜਵਾਨ ਦਾ ਸੰਸਕਾਰ ਨਹੀਂ ਕਿੱਤਾ ਜਵੇਗਾ।
ਇਸ ਮੌਕੇ ਤੇ ਐਸ ਡੀ ਐਮ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਅਤੇ ਮੌਕੇ 'ਤੇ ਆਰਮੀ ਅਫ਼ਸਰ ਵੀ ਬੁਲਾਏ ਗਏ ਹਨ ਪਰਿਵਾਰ ਜੋ ਵੀ ਮੰਗ ਪੱਤਰ ਦੇਵੇਗਾ ਉਸ ਹਿਸਾਬ ਦੇ ਨਾਲ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ।