ਜੇਲ੍ਹ 'ਚੋਂ ਚੱਲ ਰਹੀ ਬਦਮਾਸ਼ੀ! ਹਵਾਲਾਤੀਆਂ ਨੇ ਫੋਨ ਕਰ ਆਪਣੇ ਹੀ ਸਾਥੀਆਂ ਦੇ ਪਰਿਵਾਰਾਂ ਤੋਂ ਮੰਗੀ ਫਿਰੌਤੀ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਕੈਦੀਆਂ ਤੇ ਮੋਬਾਈਲ ਫ਼ੋਨ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਕੈਦੀਆਂ ਨੇ ਆਪਣੇ ਸਾਥੀਆਂ ਦੇ ਪਰਿਵਾਰ ਨੂੰ ਫੋਨ ਕਰਕੇ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਹੈ।
ਫਰੀਦਕੋਟ: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਕੈਦੀਆਂ ਤੇ ਮੋਬਾਈਲ ਫ਼ੋਨ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਕੈਦੀਆਂ ਨੇ ਆਪਣੇ ਸਾਥੀਆਂ ਦੇ ਪਰਿਵਾਰ ਨੂੰ ਫੋਨ ਕਰਕੇ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਦੀਆਂ ਨੇ ਆਪਣੇ ਹੀ ਸਾਥੀਆਂ ਨੂੰ ਜੇਲ੍ਹ ਵਿਚ ਨਿਸ਼ਾਨਾ ਬਣਾਇਆ ਹੈ।ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜੇਲ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ ਜੇਲ੍ਹ ਵਿੱਚ ਬੰਦ ਮੋਗਾ ਜ਼ਿਲ੍ਹੇ ਦੇ 2 ਹਵਾਲਾਤੀਆਂ ਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।
ਪੁਲਿਸ ਨੂੰ ਇਨ੍ਹਾਂ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ ਜਿਸ ਰਾਹੀਂ ਉਨ੍ਹਾਂ ਨੇ ਫਿਰੌਤੀ ਮੰਗੀ ਸੀ।ਇਸ ਮਾਮਲੇ 'ਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਵੱਲੋਂ ਆਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਹਾਂ ਹਵਾਲਾਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ।ਪੁਲਿਸ ਹੁਣ ਮੁਲਜਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛ ਗਿਛ ਕਰੇਗੀ।
ਬੀਤੇ ਦਿਨੀਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਸਕਿਉਰਟੀ ਟਾਵਰ 'ਤੇ ਡਿਉਟੀ ਦੇ ਰਹੇ ਪੰਜਾਬ ਹੋਮ ਗਾਰਡ ਦੇ ਜਵਾਨ ਵੱਲੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਆਈ ਸੀ।ਜਿਸ ਨੂੰ ਜ਼ਖ਼ਮੀ ਹਾਲਤ 'ਚ ਉਸ ਦੇ ਸਾਥੀਆਂ ਨੇ ਫਰੀਦਕੋਟ ਦੇ ਜੀ.ਜੀ.ਐੱਸ. ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਹ ਜ਼ੇਰੇ ਇਲਾਜ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਦੇ ਸਾਥੀ ਕਾਰਮਚਾਰੀ ਨਿਰਮਲ ਸਿੰਘ ਅਤੇ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਟਾਵਰ 'ਤੇ ਸਕਿਉਰਟੀ ਵਜੋਂ ਤਾਇਨਾਤ ਜਵਾਨ ਹਰਜਿੰਦਰ ਸਿੰਘ ਵੱਲੋਂ ਖ਼ੁਦ ਨੂੰ ਆਪਣੀ ਸਰਵਿਸ ਗੰਨ ਨਾਲ ਗੋਲ਼ੀ ਮਾਰ ਲਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਜ਼ਖ਼ਮੀ ਜਵਾਨ ਨੂੰ ਉਸੇ ਵੇਲੇ ਹਸਪਤਾਲ ਦਾਖਲ ਕਰਵਾਇਆ ਗਿਆ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਹ ਮੁਲਾਜ਼ਮ ਜੇਲ੍ਹ ਅੰਦਰ ਬਹੁਤ ਵਧੀਆ ਢੰਗ ਨਾਲ ਡਿਉਟੀ ਨਿਭਾਉਂਦਾ ਸੀ ਅਤੇ ਚੰਗੀਆ ਸੇਵਾਵਾਂ ਬਦਲੇ ਇਸ ਨੂੰ 15 ਅਗਸਤ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਪਰ ਅੱਜ ਜੋ ਇਸ ਨੇ ਕਦਮ ਚੁੱਕਿਆ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ।