Faridkot News:ਨਾਬਾਲਗ ਲੜਕੀ ਘਰੋਂ ਭਜਾਈ, ਜਾਅਲੀ ਦਸਤਾਵੇਜਾਂ ਨਾਲ ਕੋਰਟ ਮੈਰਿਜ, ਗ੍ਰੰਥੀ ਤੋਂ ਲਿਆ ਜਾਅਲੀ ਸਰਟੀਫਿਕੇਟ, ਆਖਰ ਖੁੱਲ੍ਹਿਆ ਸਾਰਾ ਭੇਤ
Punjab News: ਇਸ ਦੇ ਨਾਲ ਹੀ ਲਾਵਾਂ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
Faridkot News: ਫ਼ਰੀਦਕੋਟ ਦੇ ਮੁਹੱਲਾ ਖੋਖਰਾ ਦੀ ਰਹਿਣ ਵਾਲੀ ਸਕੂਲ ਵਿੱਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਉਸ ਦੇ ਘਰ ਦੇ ਨਜ਼ਦੀਕ ਰਹਿੰਦੇ ਮੁੰਡੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੋਰਟ ਮੈਰਿਜ ਕਰਵਾਉਣ ਨੂੰ ਲੈ ਕੇ ਅਕਾਸ਼ ਨਾਮਕ ਲੜਕੇ ਖਿਲਾਫ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਲਾਵਾਂ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾਂ ਉਸ ਦੀ ਲੜਕੀ ਨੂੰ ਸਕੂਲ ਤੋਂ ਹੀ ਉਸ ਦੇ ਘਰ ਦੇ ਨਜ਼ਦੀਕ ਰਹਿਣ ਵਾਲਾ ਅਕਾਸ਼ ਨਾਮਕ ਲੜਕਾ ਵਰਗਲਾ ਕੇ ਲੈ ਗਿਆ ਸੀ। ਉਨ੍ਹਾਂ ਨੂੰ ਜਦ ਸ਼ਾਮ ਨੂੰ ਪਤਾ ਲੱਗਾ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਝ ਦਿਨ ਬਾਅਦ ਪਤਾ ਲੱਗਾ ਕਿ ਲੜਕਾ ਲੜਕੀ ਨੇ ਕੋਰਟ ਮੈਰਿਜ ਕਰਵਾ ਲਈ ਜਦਕਿ ਉਸ ਦੀ ਲੜਕੀ ਨਾਬਾਲਿਗ ਹੈ ਜਿਸ ਦੀ ਉਮਰ 16 ਸਾਲ ਦੇ ਕਰੀਬ ਹੈ।
ਉਨ੍ਹਾਂ ਦੱਸਿਆ ਕਿ ਜਦ ਅਸੀਂ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਲੜਕੀ ਦਾ ਅਧਾਰ ਕਾਰਡ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਸ ਮੁਤਾਬਕ ਲੜਕੀ ਦੀ ਉਮਰ 18 ਸਾਲ ਤੋਂ ਜਿਆਦਾ ਦਿਖਾਈ ਗਈ ਜਦਕਿ ਸਾਡੇ ਕੋਲ ਜੋ ਅਸਲੀ ਅਧਾਰ ਕਾਰਡ ਹੈ, ਉਸ ਮੁਤਾਬਕ ਉਮਰ ਘੱਟ ਹੈ। ਉਨ੍ਹਾਂ ਵੱਲੋਂ ਲੜਕੀ ਦੇ ਸਕੂਲ ਸਰਟੀਫਿਕੇਟ ਵੀ ਦਿਖਾਏ ਗਏ ਜਿਸ ਮੁਤਾਬਕ ਲੜਕੀ ਹਾਲੇ 18 ਸਾਲ ਤੋਂ ਘੱਟ ਉਮਰ ਦੀ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਘਰੋਂ ਜਾਣ ਤੋਂ ਪਹਿਲਾਂ ਲੜਕੇ ਦੇ ਕਹਿਣ ਤੇ ਘਰ ਵਿੱਚ ਪਏ ਕਰੀਬ ਪੰਜ ਤੋਲਾ ਸੋਨੇ ਦੇ ਗਹਿਣੇ, 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਤੇ 70 ਹਜ਼ਾਰ ਰੁਪਏ ਨਕਦੀ ਵੀ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਲੜਕੀ ਦੇ ਸਾਰੇ ਸਰਟੀਫਿਕੇਟ ਨਕਲੀ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਲੜਕੀ ਦੇ ਕਿਸੇ ਹੋਰ ਗੁਰਦੁਆਰਾ ਵਿੱਚ ਅਨੰਦ ਕਾਰਜ ਕਰਵਾਏ ਗਏ ਜਦਕਿ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰਦੁਆਰੇ ਦਾ ਦਿੱਤਾ ਗਿਆ ਜਿਸ ਦਾ ਕੋਈ ਰਿਕਾਰਡ ਗੁਰਦੁਆਰਾ ਦੇ ਰਜਿਸਟਰ ਵਿੱਚ ਦਰਜ ਨਹੀਂ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਨਾਬਾਲਗ ਲੜਕੀ ਨੂੰ ਉਸ ਦਾ ਹੀ ਗੁਆਂਢੀ ਭਜਾ ਕੇ ਕੋਰਟ ਮੈਰਿਜ ਕਰਵਾ ਚੁੱਕਾ ਹੈ। ਉਸ ਵੱਲੋਂ ਲੜਕੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਲਗਾਏ ਗਏ ਹਨ। ਇਸ ਦੀ ਪੜਤਾਲ ਕਰਨ ਤੇ ਸਾਹਮਣੇ ਆਇਆ ਕਿ ਲੜਕੇ ਵੱਲੋਂ ਨਕਲੀ ਅਧਾਰ ਕਾਰਡ ਤਿਆਰ ਕਰਵਾਇਆ ਗਿਆ ਤੇ ਉਮਰ ਦੇ ਹੋਰ ਗਲਤ ਦਸਤਾਵੇਜ਼ ਵੀ ਲਾਏ ਗਏ ਹਨ। ਗੁਰਦੁਆਰੇ ਦੇ ਗ੍ਰੰਥੀ ਵੱਲੋਂ ਸ਼ਾਦੀ ਦਾ ਗਲਤ ਸਰਟੀਫਿਕੇਟ ਬਣਾ ਕੇ ਦਿੱਤਾ ਜਿਸ ਦਾ ਕੋਈ ਰਿਕਾਰਡ ਦਰਜ ਨਹੀਂ। ਇਸ ਨੂੰ ਲੈ ਕੇ ਅਕਾਸ਼ ਨਾਮਕ ਲੜਕੇ ਤੇ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।