Punjab News: ਪੰਜਾਬ ’ਚ ਕਿਸਾਨ ਉਤਾਰਣਗੇ ਚਿਪ ਵਾਲੇ ਬਿਜਲੀ ਮੀਟਰ; 10 ਦਸੰਬਰ ਨੂੰ PSPCL ਦਫ਼ਤਰ ’ਚ ਕਰਨਗੇ ਜਮ੍ਹਾਂ, ਯੂਨੀਅਨ ਨੇਤਾ ਨੇ ਆਖੀ ਇਹ ਗੱਲ...
ਪੰਜਾਬ ’ਚ ਕਿਸਾਨ ਯੂਨੀਅਨ ਕਾਫੀ ਸਮੇਂ ਤੋਂ ਸਮਾਰਟ ਬਿਜਲੀ ਮੀਟਰਾਂ (ਚਿਪ ਵਾਲੇ ਮੀਟਰਾਂ) ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਘਰਾਂ ’ਚ ਸਮਾਰਟ ਮੀਟਰ ਲਗਾਉਂਦੀ ਜਾ ਰਹੀ ਹੈ।

ਪੰਜਾਬ ’ਚ ਕਿਸਾਨ ਯੂਨੀਅਨ ਕਾਫੀ ਸਮੇਂ ਤੋਂ ਸਮਾਰਟ ਬਿਜਲੀ ਮੀਟਰਾਂ (ਚਿਪ ਵਾਲੇ ਮੀਟਰਾਂ) ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਘਰਾਂ ’ਚ ਸਮਾਰਟ ਮੀਟਰ ਲਗਾਉਂਦੀ ਜਾ ਰਹੀ ਹੈ। ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਲੋਕਾਂ ਦੇ ਘਰਾਂ ’ਚ ਲੱਗੇ ਚਿਪ ਵਾਲੇ ਮੀਟਰ ਉਹ ਆਪਣੇ ਆਪ ਉਤਾਰ ਕੇ PSPCL ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾਉਣਗੇ।
ਕਿਸਾਨ ਮਜ਼ਦੂਰ ਮੋਰਚਾ 10 ਦਸੰਬਰ ਤੋਂ ਇਹ ਮੁਹਿੰਮ ਸ਼ੁਰੂ ਕਰੇਗਾ। ਜਿਵੇਂ–ਜਿਵੇਂ ਲੋਕ ਸੰਪਰਕ ਕਰਨਗੇ, ਕਿਸਾਨ ਉਹਨਾਂ ਦੇ ਮੀਟਰ ਉਤਾਰਦੇ ਜਾਣਗੇ ਤੇ ਇਹ ਮੀਟਰ PSPCL ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾਉਂਦੇ ਜਾਣਗੇ। ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਦਾ ਮੀਟਰ ਜ਼ਬਰਦਸਤੀ ਨਹੀਂ ਉਤਾਰਣਗੇ-ਸਿਰਫ ਉਹਨਾਂ ਦੇ ਮੀਟਰ ਉਤਾਰੇ ਜਾਣਗੇ ਜੋ ਖੁਦ ਉਨ੍ਹਾਂ ਨਾਲ ਸੰਪਰਕ ਕਰਨਗੇ।
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਾਰੀ ਕੀਤੇ ਗਏ ਨੰਬਰ
ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਸੂਬਾ ਪੱਧਰ ’ਤੇ ਲਿਆ ਜਾ ਚੁੱਕਾ ਹੈ। 10 ਦਸੰਬਰ ਤੋਂ ਪੂਰੇ ਰਾਜ ’ਚ ਚਿਪ ਵਾਲੇ ਮੀਟਰ ਉਤਾਰੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਨਾਲ–ਨਾਲ ਸ਼ਹਿਰੀ ਇਲਾਕਿਆਂ ’ਚੋਂ ਵੀ ਮੀਟਰ ਉਤਾਰੇ ਜਾਣਗੇ ਅਤੇ ਇਹ ਮੀਟਰ PSPCL ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾ ਦਿੱਤੇ ਜਾਣਗੇ।
ਦਿਲਬਾਗ ਸਿੰਘ ਨੇ ਕਿਹਾ ਕਿ ਜਿਹੜੇ ਵੀ ਲੋਕ ਆਪਣੇ ਚਿਪ ਵਾਲੇ ਮੀਟਰ ਉਤਾਰਵਾਉਣਾ ਚਾਹੁੰਦੇ ਹਨ, ਉਹ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਦੇ ਵਿਰੋਧ ’ਚ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਇਹ ਚਾਹੁੰਦੇ ਹਨ ਕਿ ਬਿਜਲੀ ਗੁਲ ਨਾ ਹੋਵੇ, ਬੱਚਿਆਂ ਦੀਆਂ ਪੜ੍ਹਾਈਆਂ ਚੱਲਦੀਆਂ ਰਹਿਣ ਅਤੇ ਘਰਾਂ–ਦਫ਼ਤਰਾਂ ਦੇ ਕੰਮ ਰੁਕਣ ਨਾ, ਉਹ ਇਸ ਮੀਟਰ ਪ੍ਰਣਾਲੀ ਦਾ ਵਿਰੋਧ ਕਰਨ ਅਤੇ ਆਪਣੇ ਚਿਪ ਵਾਲੇ ਮੀਟਰ ਉਤਾਰਵਾਉਣ।
ਸਾਰੇ ਚਿਪ ਵਾਲੇ ਮੀਟਰ ਲੱਗੇ ਤਾਂ ਨਹੀਂ ਮਿਲੇਗੀ ਬਿਜਲੀ
ਕਿਸਾਨ ਆਗੂਆਂ ਦਾ ਤਰਕ ਹੈ ਕਿ ਜਦੋਂ ਪੰਜਾਬ ’ਚ ਹਰ ਘਰ ਵਿੱਚ ਚਿਪ ਵਾਲੇ ਮੀਟਰ ਲੱਗ ਜਾਣਗੇ, ਉਸ ਦਿਨ ਤੋਂ ਬਿਜਲੀ ਸਿਰਫ਼ ਉਹਨਾਂ ਨੂੰ ਹੀ ਮਿਲੇਗੀ ਜੋ ਸਮੇਂ ’ਤੇ ਮੀਟਰ ਰੀਚਾਰਜ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ 90 ਫ਼ੀਸਦੀ ਲੋਕ ਹਰ ਵਾਰ ਸਮੇਂ ’ਤੇ ਰੀਚਾਰਜ ਨਹੀਂ ਕਰ ਸਕਣਗੇ, ਜਿਸ ਕਰਕੇ ਉਨ੍ਹਾਂ ਦੀ ਬਿਜਲੀ ਗੁਲ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਜਿਵੇਂ ਮੋਬਾਈਲ ਰੀਚਾਰਜ ਦੀ ਵੈਲਿਡਿਟੀ ਹੁੰਦੀ ਹੈ, ਉਸੇ ਤਰ੍ਹਾਂ ਜੇ ਰਾਤ ਨੂੰ ਬਿਜਲੀ ਦਾ ਰੀਚਾਰਜ ਮੁੱਕ ਗਿਆ ਤੇ ਕਿਸੇ ਕੋਲ ਤੁਰੰਤ ਪੈਸੇ ਨਹੀਂ ਹਨ ਤਾਂ ਬਿਜਲੀ ਤੁਰੰਤ ਬੰਦ ਹੋ ਜਾਵੇਗੀ। ਇਸ ਲਈ ਕਿਸਾਨ ਯੂਨੀਅਨਾਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੀਆਂ ਹਨ।
ਬਿਜਲੀ ਬੋਰਡ ਨੇ ਪਰਚਾ ਕੀਤਾ ਤਾਂ ਜ਼ਿੰਮੇਵਾਰੀ ਕਿਸਾਨ ਯੂਨੀਅਨ ਦੀ ਹੋਵੇਗੀ
ਦਿਲਬਾਗ ਸਿੰਘ ਨੇ ਕਿਹਾ ਕਿ ਜੇ ਚਿਪ ਵਾਲੇ ਮੀਟਰ ਉਤਾਰਨ ’ਤੇ ਬਿਜਲੀ ਬੋਰਡ ਕਿਸੇ ’ਤੇ ਕਾਰਵਾਈ ਕਰਦਾ ਹੈ ਜਾਂ ਪਰਚਾ ਦਰਜ ਕਰਵਾਉਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਦੀ ਹੋਵੇਗੀ। ਯੂਨੀਅਨ ਪਰਚਾ ਰੱਦ ਵੀ ਕਰਵਾਏਗੀ ਅਤੇ ਜੁਰਮਾਨਾ ਵੀ ਮਾਫ਼ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ, ਕਿਸਾਨ ਮਜ਼ਦੂਰ ਮੋਰਚਾ ਪੂਰੀ ਪਬਲਿਕ ਦੇ ਨਾਲ ਖੜ੍ਹਾ ਹੈ।






















