ਕਿਸਾਨਾਂ ਵੱਲੋਂ ਬੀਐਸਐਫ ਦੇ ਹੈੱਡਕੁਆਟਰ ਬਾਹਰ ਪ੍ਰਦਰਸ਼ਨ, ਕੇਂਦਰ ਸਰਕਾਰ ਖਿਲਾਫ ਨਾਆਰੇਬਾਜ਼ੀ
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ-ਅਟਾਰੀ ਜੀਟੀ ਰੋਡ 'ਤੇ ਖਾਸਾ ਵਿਖੇ ਸਥਿਤ ਬੀਐਸਐਫ ਹੈੱਡਕੁਆਟਰ ਬਾਹਰ ਬੀਐਸਐਫ ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਖਿਲਾਫ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ-ਅਟਾਰੀ ਜੀਟੀ ਰੋਡ 'ਤੇ ਖਾਸਾ ਵਿਖੇ ਸਥਿਤ ਬੀਐਸਐਫ ਹੈੱਡਕੁਆਟਰ ਬਾਹਰ ਬੀਐਸਐਫ ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਖਿਲਾਫ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਾਰਡਰ ਏਰੀਆ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਦੇ ਧਰਨੇ 'ਚ ਦੋ ਹੋਰ ਮੰਗਾਂ, ਕੰਡਿਆਲੀ ਤਾਰੋਂ ਪਾਰ ਜ਼ਮੀਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਤੇ ਖੇਤੀ ਕਰਨ ਤਾਰੋਂ ਪਾਰ ਜਾਂਦੇ ਕਿਸਾਨਾਂ ਦੀ ਖੱਜਲਖੁਆਰੀ ਨੂੰ ਠੱਲ ਪਾਉਣਾ, ਆਦਿ ਸ਼ਾਮਲ ਹਨ।
ਕਿਸਾਨ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ, ਮੁਖਤਾਰ ਸਿੰਘ ਮੁਹਾਵਾ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਇੱਕ ਸਾਜਿਸ਼ ਤਹਿਤ ਕੇਂਦਰ ਸਰਕਾਰ ਵੱਲੋਂ ਅਜਿਹੇ ਫੈਸਲੇ ਪੰਜਾਬ 'ਚ ਕੀਤੇ ਜਾ ਰਹੇ ਹਨ, ਜਿਸ ਨਾਲ ਸੂਬਿਆਂ ਦੇ ਅਧਿਕਾਰ ਖੋਹੇ ਜਾਣ, ਜਦਕਿ ਇਹ ਫੈਸਲੇ ਸੂਬੇ ਆਪ ਕਰ ਸਕਦੇ ਹਨ। ਰੰਧਾਵਾ ਨੇ ਕਿਹਾ ਜਿਵੇਂ ਖੇਤੀ ਨਾਲ ਜੁੜੇ ਕਾਨੂੰਨ ਗਲਤ ਬਣਾਏ, ਉਸੇ ਤਰਾਂ ਬੀਐਸਐਫ ਦਾ ਦਾਇਰਾ ਵਧਾਉਣਾ ਗਲਤ ਹੈ।
ਕਿਸਾਨ ਆਗੂ ਮੁਖਤਾਰ ਸਿੰਘ ਮੁਹਾਵਾ ਤੇ ਗੁਰਲਾਲ ਸਿੰਘ ਨੇ ਕਿਹਾ ਕਿ ਬੀਐਸਐਫ ਖਿਲਾਫ ਧਰਨਾ ਦੇਣਾ ਕੋਈ ਗਲਤ ਨਹੀਂ, ਇਹ ਸਾਡਾ ਲੋਕਤੰਤਰਿਕ ਹੱਕ ਹੈ ਜਦਕਿ ਅਸੀਂ ਬੀਐਸਐਫ ਦਾ ਸਤਿਕਾਰ ਕਰਦੇ ਹਾਂ, ਸਲਿਊਟ ਕਰਦੇ ਹਾਂ। ਪਰ ਅਸੀਂ ਕੇਂਦਰ ਸਰਕਾਰ ਤਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ। ਕੇਂਦਰ ਦਾਇਰੇ ਵਾਲਾ ਫੈਸਲਾ ਵਾਪਸ ਲਵੇ ਤੇ ਕਿਸਾਨਾਂ ਦਾ ਪੈਂਡਿੰਗ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਤਾਰੋਂ ਪਾਰ ਕੰਮ ਕਰਨ ਜਾਂਦੇ ਕਿਸਾਨਾਂ ਨੂੰ ਨਾ ਪ੍ਰੇਸ਼ਾਨ ਕੀਤਾ ਜਾਵੇ।