Punjab News: ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਬਿਜਲੀ ਮੰਤਰੀ ਰਿਹਾਇਸ਼ ਨੂੰ ਪਾਉਣਗੇ ਘੇਰਾ
ਅੰਮ੍ਰਿਤਸਰ: ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਬਿਜਲੀ ਕੱਟਾਂ ਖਿਲਾਫ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।
ਅੰਮ੍ਰਿਤਸਰ: ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਬਿਜਲੀ ਕੱਟਾਂ ਖਿਲਾਫ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੱਲ੍ਹ ਰੋਸ ਮੁਜ਼ਾਹਰਾ ਹੋਵੇਗਾ।
ਦੱਸ ਦਈਏ ਕਿ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਬਾਬਤ ਸਰਕਾਰ 'ਤੇ ਕਿਸਾਨ ਕਾਫੀ ਔਖੇ ਹਨ। ਪਿਛਲੇ ਇੱਕ ਹਫਤੇ ਤੋਂ ਰੋਜ਼ਾਨਾ ਅੰਮ੍ਰਿਤਸਰ ਸ਼ਹਿਰ ਤੇ ਜ਼ਿਲ੍ਹੇ 'ਚ ਵੱਡੇ ਵੱਡੇ ਬਿਜਲੀ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਵੀ ਬਿਜਲੀ ਕੱਟਾਂ ਕਰਕੇ ਨੁਕਸਾਨ ਹੋ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਕੱਲ੍ਹ ਦੇ ਧਰਨੇ ਤੋਂ ਬਾਅਦ ਹੱਲ ਨਾ ਹੋਇਆ ਤਾਂ ਕਿਸਾਨ ਵੱਡਾ ਸੰਘਰਸ਼ ਵੀ ਉਲੀਕ ਸਕਦੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਦਿੱਤੀ ਚੇਤਾਵਨੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸੀ। ਫੇਸਬੁੱਕ 'ਤੇ ਇੱਕ ਪੋਸਟ 'ਚ ਰਾਹੁਲ ਗਾਂਧੀ ਨੇ ਕਿਹਾ, ਕਈ ਸੂਬਿਆਂ ਕੋਲ ਸਿਰਫ 7 ਦਿਨਾਂ ਲਈ ਕੋਲੇ ਦਾ ਭੰਡਾਰ ਹੈ। ਪ੍ਰਧਾਨ ਮੰਤਰੀ ਨੂੰ ਇਸ ਵਾਰ ਚੇਤਾਵਨੀ ਦਿੱਤੀ ਸੀ। ਭਾਰਤ 'ਚ ਬਿਜਲੀ ਦੀ ਕਿੱਲਤ, ਆਮ ਲੋਕਾਂ ਨੂੰ 8 ਘੰਟੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਸੀ ਕਿ ਬਿਜਲੀ ਦੀ ਉੱਚ ਮੰਗ ਕਾਰਨ ਕੋਲੇ ਦੇ ਭੰਡਾਰਾਂ ਦੀ ਕਮੀ ਦੇਸ਼ ਲਈ ਮੁਸੀਬਤ ਪੈਦਾ ਕਰੇਗੀ। ਸਰਕਾਰ ਨੇ ਮਸਲਾ ਹੱਲ ਕਰਨ ਦੀ ਬਜਾਏ ਟਾਲ-ਮਟੋਲ ਜਾਰੀ ਰੱਖਿਆ ਪਰ ਸੱਚ ਆਪਣੇ ਆਪ ਹੀ ਬੋਲਦਾ ਹੈ। ਕੋਲੇ ਦੇ ਭੰਡਾਰਾਂ ਦੇ ਮਾਮਲੇ ਵਿੱਚ 106 ਵਿੱਚੋਂ 105 ਕੋਲਾ ਪਲਾਂਟ ਨਾਜ਼ੁਕ ਹਾਲਤ ਵਿੱਚ ਪਹੁੰਚ ਗਏ ਹਨ। ਇਨ੍ਹਾਂ 'ਚੋਂ 25 ਫੀਸਦੀ ਤੋਂ ਵੀ ਘੱਟ ਸਟਾਕ ਬਚਿਆ ਹੈ।