ਦੇਸ਼ ਭਰ 'ਚ 3 ਅਕਤੂਬਰ ਨੂੰ ਮੋਦੀ ਸਰਕਾਰ ਖਿਲਾਫ ਸੜਕਾਂ 'ਤੇ ਉੱਤਰਣਗੇ ਕਿਸਾਨ, ਪੰਜਾਬ 'ਚ ਰੇਲਾਂ ਰੋਕਣ ਦਾ ਵੀ ਐਲਾਨ
ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤਾ ਜਾਣਗੇ। ਇਸ ਦੇ ਨਾਲ ਹੀ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ 29 ਸਤੰਬਰ ਨੂੰ ਚੱਕਾ ਜਾਮ ਕੀਤਾ ਜਾਵੇਗਾ
Punjab News: ਸੰਯੁਕਤ ਕਿਸਾਨ ਮੋਰਚਾ ਕੇਂਦਰ ਵਿੱਚਲੀ ਮੋਦੀ ਸਰਕਾਰ ਨੂੰ ਘੇਰਨ ਲਈ ਮੁੜ ਸਰਗਰਮ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਲਖੀਮਪੁਰ ਖੀਰੀ ਕਾਂਡ ਦੀ ਵਰ੍ਹੇਗੰਢ ਮੌਕੇ 3 ਅਕਤੂਬਰ ਨੂੰ ਦੇਸ਼ ਭਰ ’ਚ ਬੀਜੇਪੀ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਇਸ ਦੇ ਨਾਲ ਹੀ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ 29 ਸਤੰਬਰ ਨੂੰ ਚੱਕਾ ਜਾਮ ਕੀਤਾ ਜਾਵੇਗਾ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤਾ ਜਾਣਗੇ। ਲਖੀਮਪੁਰ ਖੀਰੀ ਕਾਂਡ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਮੁੱਖ ਸਾਜਿਸ਼ਘਾੜੇ ਵਜੋਂ ਗ੍ਰਿਫ਼ਤਾਰ ਕਰਨ ਸਬੰਧੀ 3 ਅਕਤੂਬਰ ਨੂੰ ਪਿੰਡਾਂ ਵਿੱਚ ਲਖੀਮਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਮਗਰੋਂ 12 ਤੋਂ 3 ਵਜੇ ਤੱਕ ਤਹਿਸੀਲ ਤੇ ਜ਼ਿਲ੍ਹਾ ਕੇਂਦਰਾਂ ’ਚ ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਤਿਕੂਨੀਆਂ ਵਿੱਚ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਵੀ ਪੰਜਾਬ ਤੋਂ ਇੱਕ ਵਫ਼ਦ ਭੇਜਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਸਬੰਧੀ ਜਲੰਧਰ ਕੈਂਟ ਵਿੱਚ ਕੌਮੀ ਰਾਹ ਸਥਿਤ ਧੰਨੋਵਾਲੀ ਫਾਟਕ ’ਤੇ 29 ਸਤੰਬਰ ਤੋਂ 24 ਘੰਟਿਆਂ ਲਈ ਜਾਮ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 3 ਅਕਤੂਬਰ ਨੂੰ ਸੂਬੇ ਵਿੱਚ ਦੁਪਿਹਰ 12 ਵਜੇ ਤੋਂ ਤਿੰਨ ਵਜੇ ਤੱਕ ਗੱਡੀਆਂ ਰੋਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਇਕੱਠ ਕਰਕੇ ਸ਼ਹੀਦ ਦੀ ਵਿਚਾਰਧਾਰਾ ’ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ।
ਜਥੇਬੰਦੀ ਨੇ ਮੰਗ ਕੀਤੀ ਕਿ ਯੂਪੀ ਪੁਲਿਸ ਵੱਲੋਂ ਨਿਰਦੋਸ਼ ਫੜੇ ਕਿਸਾਨ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਬਿਜਲੀ ਵੰਡ ਲਾਇਸੰਸ ਰੂਲਜ 2022 ਤੁਰੰਤ ਕੇਂਦਰ ਸਰਕਾਰ ਰੱਦ ਕਰੇ, ਝੋਨੇ ਦੀ ਖਰੀਦ ਉੱਤੇ ਲਾਈ 23 ਕੁਇੰਟਲ ਪ੍ਰਤੀ ਏਕੜ ਸ਼ਰਤ ਤੇ ਜਮ੍ਹਾਂਬੰਦੀ ਲੈਣ ਦੀਆਂ ਲਾਈਆਂ ਸ਼ਰਤਾਂ ਤੁਰੰਤ ਹਟਾਈਆਂ ਜਾਣ ਤੇ ਪਹਿਲਾਂ ਕਿਸਾਨਾਂ ਦਾ ਝੋਨਾ ਚੁੱਕਿਆ ਜਾਵੇ।