ਸਕੂਲ 'ਚ ਬੰਬ ਧਮਾਕੇ ਦੀ ਧਮਕੀ ਫੈਲਾਉਣ ਵਾਲੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਗ੍ਰਿਫ਼ਤਾਰ
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਦੋਵਾਂ ਵਿਦਿਆਰਥੀਆਂ ਦੇ ਪਿਤਾ ਰੋਹਿਤ ਮਰਵਾਹਾ ਵਾਸੀ ਸੂਰਜ ਇਨਕਲੇਵ ਤੇ ਦਵਿੰਦਰ ਸਿੰਘ ਵਾਸੀ ਬਸੰਤ ਐਵਨਿਊ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗਗਨਦੀਪ ਸ਼ਰਮਾ/ਅੰਮ੍ਰਿਤਸਰ: ਸਥਾਨਿਕ ਸ਼ਹਿਰ ਦੇ ਸਪਰਿੰਗ ਡੇਲ ਸਕੂਲ ਨੂੰ 16 ਸਤੰਬਰ ਨੂੰ ਬੰਬ ਨਾਲ ਉਡਾਉਣ ਵਾਲੇ ਮੈਸੇਜ ਦਾ ਕੇਸ ਵੀ ਅੰਮ੍ਰਿਤਸਰ ਪੁਲਸ ਨੇ ਹੱਲ ਕਰ ਲਿਆ ਹੈ ਪਰ ਇਸ ਵਾਰ ਪੁਲਿਸ ਪਿਛਲੀ ਵਾਰ ਵਰਤੀ ਗਈ ਨਰਮੀ ਦੇ ਉਲਟ ਸਖ਼ਤ ਕਾਰਵਾਈ ਕਰਦਿਆਂ ਇਸ ਵਾਰ ਧਮਕੀ ਭਰਿਆ ਮੈਸੇਜ ਬਣਾਉਣ ਤੇ ਭੇਜਣ ਵਾਲੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸੰਬੰਧੀ ਅੰਮ੍ਰਿਤਸਰ ਥਾਣਾ ਸਦਰ 'ਚ ਦਫਾ 153A, 505, 507 ਆਈਪੀਸੀ ਤੇ 66ਐੱਫ ਆਈਟੀ ਐਕਟ 2000 ਤਹਿਤ ਮਾਮਲਾ ਦਰਜ ਕੀਤਾ ਹੈ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੁਲਿਸ ਨੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਫੌਰੀ ਤੌਰ 'ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਮੈਸੇਜ, ਜਿਸ 'ਚ 16 ਸਤੰਬਰ ਨੂੰ ਸਪਰਿੰਗ ਡੇਲ ਸਕੂਲ 'ਚ ਬੰਬ ਧਮਾਕਾ ਹੋਣ ਦਾ ਜ਼ਿਕਰ ਕੀਤਾ ਸੀ, ਸਕੂਲ ਦੇ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਕ੍ਰਿਸ਼ਨਵ ਮਰਵਾਹਾ ਤੇ ਇਸ਼ਮੀਤ ਸਿੰਘ ਨੇ ਤਿਆਰ ਕੀਤਾ ਸੀ ਤੇ ਇਨ੍ਹਾਂ ਦਾ ਮਕਸਦ ਸਕੂਲ 'ਚ ਚੱਲ ਰਹੀਆਂ ਪ੍ਰੀਖਿਆਂ ਨੂੰ ਰੱਦ ਕਰਵਾਉਣਾ ਸੀ ਤੇ 16 ਸਤੰਬਰ ਨੂੰ ਛੁੱਟੀ ਕਰਵਾਉਣਾ ਸੀ, ਕਿਉੰਕਿ ਇਸ ਦਿਨ ਗਣਿਤ ਦੀ ਪ੍ਰੀਖਿਆ ਸੀ।
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਦੋਵਾਂ ਵਿਦਿਆਰਥੀਆਂ ਦੇ ਪਿਤਾ ਰੋਹਿਤ ਮਰਵਾਹਾ ਵਾਸੀ ਸੂਰਜ ਇਨਕਲੇਵ ਤੇ ਦਵਿੰਦਰ ਸਿੰਘ ਵਾਸੀ ਬਸੰਤ ਐਵਨਿਊ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਿਉੰਕਿ ਜਿਨ੍ਹਾਂ ਸਿਮਾਂ ਰਾਹੀਂ ਇਹ ਮੈਸੇਜ ਫੈਲਾਇਆ ਗਿਆ ਸੀ ਉਹ ਸਿਮਾਂ ਉਕਤ ਵਿਅਕਤੀਆਂ ਦੇ ਨਾਮ 'ਤੇ ਰਜਿਸਟਰਡ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀ ਡੀਏਵੀ ਪਬਲਿਕ ਸਕੂਲ ਦੇ ਮਾਮਲੇ 'ਚ ਜਿਨਾਂ ਵਿਦਿਆਰਥੀਆਂ ਨੇ ਧਮਕੀ ਭਰਿਆ ਮੈਸੇਜ ਫੈਲਾਇਆ ਸੀ, ਪੁਲਸ ਨੇ ਉਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤੋਂ ਗੁਰੇਜ ਕੀਤਾ ਸੀ ਤਾਂਕਿ ਬੱਚਿਆਂ ਦਾ ਇਸ ਸ਼ਰਾਰਤ ਨਾਲ ਭਵਿੱਖ ਖਰਾਬ ਨ ਹੋਵੇ ਪਰ ਦੂਜੀ ਘਟਨਾ ਵਾਪਰਦੇ ਹੀ ਪੁਲਸ ਨੇ ਸਖ਼ਤ ਰੁਖ ਦਿਖਾਇਆ ਤੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਹੀ ਗ੍ਰਿਫ਼ਤਾਰ ਕਰ ਲਏ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।