ਭਗਵੰਤ ਮਾਨ ਸਰਕਾਰ ਦਾ ਖੌਫ! ਦਫਤਰਾਂ 'ਚ ਹੋਣ ਲੱਗੇ ਬਗੈਰ ਰਿਸ਼ਵਤ ਕੰਮ, ਰਿਸ਼ਵਤ ਦੀ ਮਨਾਹੀ ਦੇ ਲੱਗਣ ਲੱਗੇ ਨੋਟਿਸ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਰਿਸ਼ਵਤ ਤੋਂ ਬਿਨਾਂ ਰਜਿਸਟਰੀ ਹੋ ਰਹੀ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਰਿਸ਼ਵਤ ਤੋਂ ਬਿਨਾਂ ਰਜਿਸਟਰੀ ਹੋ ਰਹੀ ਹੈ। ਪਹਿਲਾਂ ਕਈ ਥਾਈਂ ਇੱਕ ਫੀਸਦੀ ਰਿਸ਼ਵਤ ਦੇ ਰੂਪ ਵਿੱਚ ਫੀਸ ਵਸੂਲੀ ਜਾਂਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਤਹਿਸੀਲਦਾਰਾਂ ਦਾ ਰਵੱਈਆ ਵੀ ਨਰਮ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪਟਵਾਰੀ ਤੇ ਹੋਰ ਅਧਿਕਾਰੀ ਨੋਟਿਸ ਲਾ ਕੇ ਰਿਸ਼ਵਤ ਦੇਣ ਦੀ ਮਨਾਹੀ ਕਰਨ ਲੱਗੇ ਹਨ।
ਅਜਿਹਾ ਹੀ ਇੱਕ ਮਾਮਲਾ ਮੋਗਾ ਵਿੱਚ ਨਜ਼ਰ ਆਇਆ ਹੈ। ਇੱਥੇ ਇੱਕ ਪਟਵਾਰੀ ਨੇ ਨੋਟਿਸ ਲਾ ਦਿੱਤਾ ਕਿ ਰਿਸ਼ਵਤ ਦੇਣ ਦੀ ਸਖ਼ਤ ਮਨਾਹੀ ਹੈ। ਇਹ ਨੋਟਿਸ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਿਹਾ ਹੈ। ਆਮ ਆਦਮੀ ਪਾਰਟੀ ਇਸ ਨੂੰ ਸੋਸ਼ਲ ਮੀਡੀਆ 'ਤੇ CM ਭਗਵੰਤ ਮਾਨ ਦੀ ਸਰਕਾਰ ਦਾ ਖੌਫ ਦੱਸ ਰਹੀ ਹੈ।
ਆਮ ਆਦਮੀ ਪਾਰਟੀ ਨੇ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ ਜਿਸ ਵਿੱਚ ਸਵਰਨ ਗਿੱਲ ਨਾਮੀ ਵਿਅਕਤੀ ਨੇ ਕਿਹਾ ਕਿ "ਅੱਜ ਆਪ ਦਾ ਸਮਰਥਨ ਕਰਕੇ ਤੇ ਵੋਟ ਪਾ ਕੇ ਮੇਰਾ ਮਨ ਬਹੁਤ ਖੁਸ਼ ਹੈ। ਮੈਂ ਅੱਜ ਰਜਿਸਟਰੀ ਕਰਵਾਉਣ ਆਇਆ ਹਾਂ। ਉਹ ਤਹਿਸੀਲਦਾਰ ਜੋ ਪਹਿਲਾਂ ਰਜਿਸਟਰੀ ਲਈ 5 ਤੋਂ 7 ਹਜ਼ਾਰ ਤੋਂ ਘੱਟ ਦੀ ਰਿਸ਼ਵਤ ਨਹੀਂ ਲੈਂਦਾ ਸੀ। ਇੰਨਾ ਹੀ ਨਹੀਂ, ਪੈਸੇ ਲੈ ਕੇ ਵੀ ਉਹ ਲੋਕਾਂ ਨੂੰ ਅੱਖਾਂ ਦਿਖਾਉਂਦੇ ਸਨ। ਅੱਜ ਉਹ ਨਰਮ ਬੈਠਾ ਸੀ। ਬਿਨਾਂ ਪੈਸੇ ਤੋਂ ਰਜਿਸਟਰੀ ਵੀ ਦੇ ਰਿਹਾ ਸੀ।" ਗਿੱਲ ਨੇ ਕਿਹਾ ਕਿ ਇਮਾਨਦਾਰੀ ਅੱਗੇ ਹਰ ਕੋਈ ਸਿੱਧਾ ਹੋ ਗਿਆ ਹੈ। ਇਹ ਲੋਕ ਪੈਸੇ ਲੈ ਕੇ ਵੀ ਆਦਮੀ ਨੂੰ ਆਦਮੀ ਨਹੀਂ ਸਮਝਦੇ ਸਨ।
ਮੋਗਾ ਵਿੱਚ ਪਟਵਾਰੀ ਨਿਰਵੈਰ ਸਿੰਘ ਨੇ ਨੋਟਿਸ ਲਾਇਆ ਹੈ ਕਿ ਇਸ ਦਫ਼ਤਰ ਵਿੱਚ ਰਿਸ਼ਵਤ ਦੇਣ ਦੀ ਸਖ਼ਤ ਮਨਾਹੀ ਹੈ। ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਇੰਨਾ ਹੀ ਨਹੀਂ ਪਟਵਾਰੀ ਨੇ ਸਰਕਾਰੀ ਫੀਸ ਵੀ ਦਿਖਾਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਫੀਸ ਭਰਨ ਤੋਂ ਬਾਅਦ ਰਸੀਦ ਲੈ ਲਵੋ। ਪਟਵਾਰੀ ਨਿਰਵੈਰ ਸਿੰਘ ਨੇ ਕਿਹਾ ਕਿ ਲੋਕ ਗਲਤ ਕੰਮ ਕਰਨ ਲਈ ਦਬਾਅ ਪਾਉਂਦੇ ਸੀ। ਉਸ ਦਾ ਮਹਿਕਮਾ ਹੀ ਬਦਨਾਮ ਹੈ। ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਲਈ ਇੱਥੇ ਕੋਈ ਥਾਂ ਨਹੀਂ।
ਰਿਸ਼ਵਤਖੋਰੀ ਦੇ ਇਨ੍ਹਾਂ ਮਾਮਲਿਆਂ ਤੋਂ ‘ਆਪ’ ਭਾਵੇਂ ਖੁਸ਼ ਹੋਵੇ, ਪਰ ਸਰਕਾਰ ਬਦਲਣ ਵੇਲੇ ਵੀ ਇਹ ਰੁਝਾਨ ਰਿਹਾ ਹੈ। ਜਦੋਂ ਵੀ ਨਵੀਂ ਸਰਕਾਰ ਆਉਂਦੀ ਹੈ ਤਾਂ ਕੁਝ ਸਮੇਂ ਲਈ ਰਿਸ਼ਵਤ ਲੈਣ ਵਾਲੇ ਅਧਿਕਾਰੀ ਤੇ ਮੁਲਾਜ਼ਮ 'ਉਡੀਕ ਕਰੋ ਤੇ ਦੇਖੋ' ਵਾਲੀ ਸਥਿਤੀ ਵਿੱਚ ਆ ਜਾਂਦੇ ਹਨ। ਨਵੀਂ ਸਰਕਾਰ 'ਚ ਭ੍ਰਿਸ਼ਟਾਚਾਰ 'ਤੇ ਸਖਤੀ ਨਾ ਆਈ ਤਾਂ ਇਹ ਕੰਮ ਮੁੜ ਸ਼ੁਰੂ ਹੋ ਜਾਂਦਾ ਹੈ। ਫਿਰ ਵੀ ਜੇਕਰ ਸਰਕਾਰ ਜਾਂ ਉੱਚ ਅਧਿਕਾਰੀ ਸਖਤੀ ਕਰਨ ਤਾਂ ਇਸ 'ਤੇ ਲਗਾਮ ਲਗਾਈ ਜਾ ਸਕਦੀ ਹੈ। ਇਹ ਯਕੀਨੀ ਤੌਰ 'ਤੇ ਪੰਜਾਬ ਦੀ ਨਵੀਂ ਮਾਨ ਸਰਕਾਰ ਲਈ ਚੁਣੌਤੀ ਹੋਵੇਗੀ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਸ ਦਾ ਐਲਾਨ ਸ਼ਹੀਦ ਭਗਤ ਸਿੰਘ ਦੀ ਬਰਸੀ ਮੌਕੇ ਕੀਤਾ ਜਾਵੇਗਾ। ਇਸ ਤੋਂ ਬਾਅਦ ਜੇਕਰ ਕੋਈ ਰਿਸ਼ਵਤ ਮੰਗੇ ਤਾਂ ਨਾਂਹ ਨਾ ਕਰੋ। ਉਨ੍ਹਾਂ ਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਭੇਜੋ। ਉਨ੍ਹਾਂ 'ਤੇ ਸਰਕਾਰ ਸਖ਼ਤ ਕਾਰਵਾਈ ਕਰੇਗੀ। ਮਾਨ ਵਟਸਐਪ ਨੰਬਰ ਜਾਰੀ ਕਰਨਗੇ।