ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਪੁਲਿਸ ਚੌਕਸ, ਮੁਹਾਲੀ 'ਚ ਵੀ ਕੱਢਿਆ ਫਲੈਗ ਮਾਰਚ
ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਪੰਜਾਬ ਸਰਕਾਰ ਚੌਕਸ ਹੈ। ਪੰਜਾਬ ਦੇ ਮੋਹਾਲੀ 'ਚ ਪੁਲਿਸ ਨੇ ਸ਼ਹਿਰ ਦੇ ਕਈ ਹਿੱਸਿਆਂ 'ਚ ਫਲੈਗ ਮਾਰਚ ਕੱਢਿਆ ਤੇ ਲੋਕਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਪੰਜਾਬ ਸਰਕਾਰ ਚੌਕਸ ਹੈ। ਪੰਜਾਬ ਦੇ ਮੋਹਾਲੀ 'ਚ ਪੁਲਿਸ ਨੇ ਸ਼ਹਿਰ ਦੇ ਕਈ ਹਿੱਸਿਆਂ 'ਚ ਫਲੈਗ ਮਾਰਚ ਕੱਢਿਆ ਤੇ ਲੋਕਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ। ਮੁਹਾਲੀ ਪੁਲਿਸ ਦੇ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਸ਼ਹਿਰ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਤੇ ਇਲਾਕਾ ਨਿਵਾਸੀਆਂ ਵਿੱਚ ਵਿਸ਼ਵਾਸ਼ ਪੈਦਾ ਕਰਨਾ ਸੀ।
ਮੁਹਾਲੀ ਪੁਲਿਸ ਨੇ ਆਰਪੀਐਸ ਸੰਧੂ ਦੀ ਅਗਵਾਈ ਵਿੱਚ ਮੁਹਾਲੀ ਦੇ ਐਸਪੀ ਹੈੱਡਕੁਆਰਟਰ ਫੇਜ਼ 7 ਤੋਂ ਫਲੈਗ ਮਾਰਚ ਸ਼ੁਰੂ ਕੀਤਾ ਜੋ ਮੁਹਾਲੀ ਵਿੱਚ ਫੇਜ਼ 3 ਤੇ 5 ਵਿੱਚੋਂ ਵਾਈਪੀਐਸ ਚੌਕ, ਪੀਸੀਏ ਚੌਕ ਤੇ ਫੇਜ਼ 11 ਵਿੱਚੋਂ ਗੁਜ਼ਰਿਆ। ਇਸ ਦੇ ਨਾਲ ਹੀ ਜ਼ੀਰਕਪੁਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ।
ਇਸ ਦੇ ਨਾਲ ਹੀ ਮੁਹਾਲੀ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 144 ਲਾਗੂ ਕਰਦਿਆਂ ਜ਼ਿਲ੍ਹੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 6 ਜੂਨ ਤੋਂ 31 ਜੁਲਾਈ ਤੱਕ ਲਾਗੂ ਰਹੇਗਾ। ਇਸ ਦੇ ਨਾਲ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਪ੍ਰਦਰਸ਼ਨ, ਰੈਲੀਆਂ, ਮੀਟਿੰਗਾਂ, ਧਰਨੇ ਤੇ ਨਾਅਰੇਬਾਜ਼ੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਅੱਜ ਦੇ ਦਿਨ ਪੰਜਾਬ ਵਿੱਚ 38 ਸਾਲ ਪਹਿਲਾਂ ਸਾਲ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਨੇ ਸਿੱਖਾਂ ਨੂੰ ਡੂੰਘਾ ਜ਼ਖ਼ਮ ਦਿੱਤਾ ਸੀ।
ਪੰਜਾਬ ਸਰਕਾਰ ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਨੂੰ ਲੈ ਕੇ ਚੌਕਸ ਹੈ ਅਤੇ ਕਈ ਦਿਨ ਪਹਿਲਾਂ ਪੁਲੀਸ ਨਾਲ ਮੀਟਿੰਗ ਕਰਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ ਸਾਲ 1984 ਵਿੱਚ ਅੱਜ ਦੇ ਦਿਨ 6 ਜੂਨ 1984 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਭਾਰਤੀ ਫੌਜ ਵੱਲੋਂ ਆਪ੍ਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਆਪ੍ਰੇਸ਼ਨ ਵਿੱਚ ਭਾਰਤੀ ਫੌਜ ਨੇ ਭਿੰਡਰਾਂਵਾਲੇ ਅਤੇ ਹੋਰ ਹਥਿਆਰਬੰਦ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਪਰ ਇਸ ਦੌਰਾਨ ਕਈ ਨਾਗਰਿਕਾਂ ਦੀ ਵੀ ਮੌਤ ਹੋ ਗਈ ਸੀ।