Flood in Punjab: ਪੰਜਾਬ 'ਚ ਹਾਲਾਤ ਵਿਗੜੇ, ਸੂਬੇ 'ਚ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ
ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਸ਼ ਤੇ ਹੜ੍ਹਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਹੈ। ਇਸ ਤਹਿਤ ਹੁਣ ਸਾਰੇ ਕਰਮਚਾਰੀਆਂ..

Flood in Punjab: ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਸ਼ ਤੇ ਹੜ੍ਹਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਹੈ। ਇਸ ਤਹਿਤ ਹੁਣ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀਆਂ ਵੀ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਪਹਿਲਾਂ ਇਹ ਛੁੱਟੀਆਂ 3 ਸਤੰਬਰ ਤੱਕ ਸਨ।
As directed by Hon’ble CM Punjab Sh. Bhagwant Singh Mann Ji, in view of the flood situation, all Govt/Aided/Recognized & Private Schools, Colleges, Universities & Polytechnics across Punjab will remain closed till 7th Sept 2025.
— Harjot Singh Bains (@harjotbains) September 3, 2025
Everyone is requested to strictly follow local…
ਇਸ ਵੇਲੇ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ ਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ। ਸੋਮਵਾਰ ਨੂੰ ਜਿੱਥੇ ਪਾਣੀ ਆਮ ਵਾਂਗ ਵਗ ਰਿਹਾ, ਉੱਥੇ ਬੁੱਧਵਾਰ ਸਵੇਰੇ 9 ਵਜੇ ਤੱਕ ਇਹ 7 ਫੁੱਟ ਤੱਕ ਚੜ੍ਹ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਫੁੱਟ ਘੱਟ ਹੈ। ਘੱਗਰ ਨਦੀ ਵਿੱਚ ਪਾਣੀ ਵਧਣ ਨਾਲ ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ।
ਮੁਹਾਲੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਘੱਗਰ ਨਦੀ ਤੇ ਸੁਖਨਾ ਝੀਲ ਦੇ ਕੰਢਿਆਂ 'ਤੇ ਵਸੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਦੌਰਾਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਨੰਗਲ ਇਲਾਕੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸਤਲੁਜ ਦੇ ਨਾਲ ਲੱਗਦੇ ਨਾਲਿਆਂ ਤੇ ਪਿੰਡਾਂ ਦੇ ਬੰਨ੍ਹ ਕਮਜ਼ੋਰ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ।
ਸਰਕਾਰੀ ਰਿਪੋਰਟ ਮੁਤਾਬਕ ਇਸ ਵੇਲੇ ਅੰਮ੍ਰਿਤਸਰ ਤੋਂ ਤਰਨ ਤਾਰਨ ਸਣੇ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੋਪੜ, ਨਵਾਂਸ਼ਹਿਰ, ਮੋਹਾਲੀ, ਸੰਗਰੂਰ ਤੇ ਮੁਕਤਸਰ ਸ਼ਾਮਲ ਹਨ।
ਸੂਬੇ ਦੇ ਲਗਪਗ 1400 ਪਿੰਡ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਇਕੱਲੇ ਗੁਰਦਾਸਪੁਰ ਦੇ 324 ਪਿੰਡ ਡੁੱਬ ਗਏ ਹਨ, ਜਦੋਂਕਿ ਅੰਮ੍ਰਿਤਸਰ ਦੇ 135 ਪਿੰਡ, ਬਰਨਾਲਾ ਦੇ 134, ਹੁਸ਼ਿਆਰਪੁਰ ਦੇ 119 ਤੇ ਕਪੂਰਥਲਾ ਦੇ 115 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਹੋਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡ ਵੀ ਹੜ੍ਹਾਂ ਨਾਲ ਘਿਰੇ ਹੋਏ ਹਨ। ਗੁਰਦਾਸਪੁਰ ਵਿੱਚ 1.45 ਲੱਖ ਤੋਂ ਵੱਧ ਲੋਕ ਤੇ ਅੰਮ੍ਰਿਤਸਰ ਵਿੱਚ 1.17 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ, ਫਾਜ਼ਿਲਕਾ ਤੇ ਪਠਾਨਕੋਟ ਵਿੱਚ ਵੀ ਹਜ਼ਾਰਾਂ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਮੋਹਾਲੀ, ਕਪੂਰਥਲਾ ਤੇ ਹੋਰ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ ਸਾਢੇ ਤਿੰਨ ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ।
ਪੰਜਾਬ ਵਿੱਚ ਹੜ੍ਹਾਂ ਨਾਲ ਹੁਣ ਤੱਕ 30 ਮੌਤਾਂ ਦੀ ਪੁਸ਼ਟੀ ਹੋਈ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ 6 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਲੁਧਿਆਣਾ ਵਿੱਚ 4 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਮ੍ਰਿਤਸਰ, ਬਰਨਾਲਾ, ਮਾਨਸਾ, ਰੂਪਨਗਰ ਤੇ ਹੁਸ਼ਿਆਰਪੁਰ ਵਿੱਚ ਤਿੰਨ-ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬਠਿੰਡਾ, ਗੁਰਦਾਸਪੁਰ, ਪਟਿਆਲਾ, ਮੋਹਾਲੀ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਤਿੰਨ ਲੋਕ ਅਜੇ ਵੀ ਲਾਪਤਾ ਹਨ।






















