MLA Pathanmajra: ਵਿਧਾਇਕ ਪਠਾਨਮਾਜਰਾ ਦੀ ਗ੍ਰਿਫਤਾਰੀ ਲਈ ਹਾਈ ਵੋਲਟੇਜ਼ ਡਰਾਮਾ! ਪਿੰਡ ਵਾਲਿਆਂ ਨੇ ਦੱਸੀ ਸਾਰੀ ਕਹਾਣੀ
ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਹਨ। ਉਹ ਮੰਗਲਵਾਰ ਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਸੀ। ਹੁਣ ਇਸ ਫਰਾਰ ਹੋਣ ਦੀ ਕਹਾਣੀ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ...

AAP MLA Harmeet Singh Pathanmajra: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਹਨ। ਉਹ ਮੰਗਲਵਾਰ ਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਸੀ। ਹੁਣ ਇਸ ਫਰਾਰ ਹੋਣ ਦੀ ਕਹਾਣੀ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਮੰਗਲਵਾਰ ਸਵੇਰੇ ਹਾਈ ਵੋਲਟੇਜ਼ ਡਰਾਮਾ ਹੋਇਆ ਸੀ। ਕਰਨਾਲ ਜ਼ਿਲ੍ਹੇ ਦੇ ਪਿੰਡ ਡਬਰੀ ਤੋਂ ਪਠਾਨਮਾਜਰਾ ਨੂੰ ਹਿਰਾਸਤ ਵਿੱਚੋਂ ਲਿਆ ਗਿਆ ਸੀ। ਹੁਣ ਡਬਰੀ ਦੇ ਲੋਕਾਂ ਨੇ ਹੀ ਵੱਡਾ ਖੁਲਾਸਾ ਕੀਤਾ ਹੈ।
ਦਰਅਸਲ ਪੰਜਾਬ ਪੁਲਿਸ ਮੰਗਲਵਾਰ ਤੜਕੇ ਅਚਾਨਕ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਵਿੱਚ ਪਹੁੰਚੀ। ਪੁਲਿਸ ਬੜੇ ਨਾਟਕੀ ਢੰਗ ਨਾਲ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਰਿਸ਼ਤੇਦਾਰ ਤੇ ਪਿੰਡ ਦੇ ਸਰਪੰਚ ਦੇ ਘਰ ਦਾਖਲ ਹੋਈ। ਇਸ ਦੌਰਾਨ ਕਰਨਾਲ ਪੁਲਿਸ ਵੀ ਥੋੜ੍ਹੀ ਦੇਰ ਵਿੱਚ ਉੱਥੇ ਪਹੁੰਚ ਗਈ। ਪੰਜਾਬ ਪੁਲਿਸ ਦੀ ਸੀਆਈਏ ਟੀਮ ਦੇ ਇੰਚਾਰਜ ਨੇ ਦੁਪਹਿਰ ਨੂੰ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਅਸੀਂ ਮੰਗਲਵਾਰ ਸਵੇਰੇ ਪੰਜਾਬ ਦੇ ਵਿਧਾਇਕ ਹਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਲਈ ਡਬਰੀ ਪਿੰਡ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਲਾਡੀ ਦੇ ਘਰ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਸਾਡੇ 'ਤੇ ਪੱਥਰ ਸੁੱਟੇ ਤੇ ਹਵਾ ਵਿੱਚ ਗੋਲੀਆਂ ਚਲਾਈਆਂ। ਇਸ ਦੌਰਾਨ ਵਿਧਾਇਕ ਨੂੰ ਉੱਥੋਂ ਭਜਾ ਦਿੱਤਾ ਗਿਆ।
ਦੂਜੇ ਪਾਸੇ ਹੁਣ ਸਰਪੰਚ ਗੁਰਨਾਮ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੋਈ ਪੱਥਰ ਨਹੀਂ ਸੁੱਟੇ ਗਏ। ਪੁਲਿਸ ਟੀਮ ਇੱਥੋਂ ਆਰਾਮ ਨਾਲ ਲੰਗਰ ਛਕ ਕੇ ਗਈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਪਠਾਨਮਾਜਰਾ ਇੱਕ ਸਤਿਕਾਰਯੋਗ ਵਿਅਕਤੀ ਹਨ, ਉਨ੍ਹਾਂ ਨੇ ਸਮਾਜ ਦੀ ਭਲਾਈ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਿਰਫ਼ ਇੱਕ ਬਿਆਨ ਦੇ ਆਧਾਰ 'ਤੇ ਦਬਾਅ ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਠੀਕ ਨਹੀਂ।
ਸਰਪੰਚ ਗੁਰਨਾਮ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਦੇ ਉਲਟ ਪੁਲਿਸ ਸਵੇਰੇ-ਸਵੇਰੇ ਚੋਰਾਂ ਵਾਂਗ ਸਾਡੇ ਘਰ ਵਿੱਚ ਦਾਖਲ ਹੋਈ। ਸਾਡਾ ਰਿਸ਼ਤੇਦਾਰ ਹਰਮੀਤ ਸਿੰਘ ਪਠਾਨਮਾਜਰਾ ਉਸ ਸਮੇਂ ਸੌਂ ਰਿਹਾ ਸੀ। ਬਾਅਦ ਵਿੱਚ ਪੁਲਿਸ ਪਠਾਨਮਾਜਰਾ ਨੂੰ ਉਨ੍ਹਾਂ ਦੀ ਹੀ ਕਾਰ ਵਿੱਚ ਬੈਠਾ ਕੇ ਲੈ ਗਈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਹੁਣ ਕਰਨਾਲ ਪੁਲਿਸ ਨੇ ਹਰ ਪਹਿਲੂ 'ਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਪੰਜਾਬ ਦੀ ਸੀਆਈਏ ਪੁਲਿਸ ਹਰਿਆਣਾ ਤੇ ਪੰਜਾਬ ਵਿੱਚ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਭਾਲ ਵਿੱਚ ਰੁੱਝੀ ਹੋਈ ਹੈ। ਮੰਗਲਵਾਰ ਦੇਰ ਰਾਤ ਪੰਜਾਬ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਕਰਨਾਲ ਦੇ ਡਬਰੀ ਪਿੰਡ ਪਹੁੰਚੇ। ਉਨ੍ਹਾਂ ਨਾਲ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਵਿਕਰਮਜੀਤ ਬਰਾੜ ਵੀ ਦਿਖਾਈ ਦਿੱਤੇ। ਪੰਜਾਬ ਪੁਲਿਸ ਦੀਆਂ 5 ਗੱਡੀਆਂ ਵਿੱਚ ਟੀਮਾਂ ਰਾਤ 11 ਵਜੇ ਦੇ ਕਰੀਬ ਕਰਨਾਲ ਜ਼ਿਲ੍ਹੇ ਦੇ ਡਬਰੀ ਪਿੰਡ ਪਹੁੰਚੀਆਂ।
ਇੱਥੇ ਪਹੁੰਚਣ 'ਤੇ ਟੀਮ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੇ ਪਿੰਡ ਵਿੱਚ ਪੰਚਾਇਤ ਦੁਆਰਾ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ। ਸਾਬਕਾ ਸਰਪੰਚ ਲਾਡੀ ਦੇ ਘਰ ਦੇ ਨੇੜੇ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਟੀਮ ਨੇ ਪਿੰਡ ਦੀਆਂ ਹੋਰ ਥਾਵਾਂ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ। ਇਸ ਤੋਂ ਇਲਾਵਾ ਕਰਨਾਲ ਦੇ ਕੈਮਰਿਆਂ ਦੀ ਵੀ ਤਲਾਸ਼ੀ ਲਈ ਗਈ ਹੈ।






















