ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ’ਚ ਪੁਲਿਸ ਦੀ 'ਠਾਠ', ਹੁਣ ਚਾਰ ਮੁਲਾਜ਼ਮ ਸਸਪੈਂਡ
ਹੌਲਦਾਰ ਜਸਕਰਨ ਸਿੰਘ, ਹੌਲਦਾਰ ਦਰਸ਼ਨ ਸਿੰਘ ਤੇ ਕਾਂਸਟੇਬਲ ਸਤਬੀਰ ਸਿੰਘ ਨੂੰ ਸ਼ਰਾਬ ਪੀਣ ਤੇ ਡਿਊਟੀ ਦੌਰਾਨ ਲਾਪਰਵਾਹੀ ਦੇ ਦੋਸ਼ਾਂ ਤੇ ਸੀਆਈਏ ਇੰਸਪੈਕਟਰ ਸੁਖਬੀਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਦੇ ‘ਲੇਡੀਜ਼ ਸੰਗੀਤ’ ਪ੍ਰੋਗਰਾਮ ਮੌਕੇ ਖ਼ਰਾਬ ਸੁਰੱਖਿਆ ਪ੍ਰਬੰਧ ਹੋਣ ਕਾਰਨ ਸੀਆਈਏ ਇੰਚਾਰਜ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇੰਟੈਲੀਜੈਂਸ ਦੀ ਰਿਪੋਰਟ ਤੋਂ ਬਾਅਦ ਕੀਤੀ ਗਈ ਹੈ। ਡੀਜੀਪੀ ਨੇ ਆਈਪੀਐਸ ਅਧਿਕਾਰੀ ਸਰਤਾਜ ਸਿੰਘ ਚਾਹਲ ਨੂੰ ਦੋ ਮਹੀਨਿਆਂ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਚੰਨੀ ਦੇ ਬੇਟੇ ਦੇ ਵਿਆਹ ਤੋਂ ਪਹਿਲਾਂ ਇੱਕ ਮਸ਼ਹੂਰ ਮੈਰਿਜ ਪੈਲੇਸ ਵਿੱਚ ‘ਲੇਡੀਜ਼ ਸੰਗੀਤ’ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਦੀ ਸੀ। ਜਦੋਂਕਿ ਮੈਰਿਜ ਪੈਲੇਸ ਦੇ ਅੰਦਰਲੇ ਹਿੱਸੇ ਦੀ ਜ਼ਿੰਮੇਵਾਰੀ ਸੀਆਈਏ ਸਟਾਫ ਦੀ ਸੀ। ਸੀਆਈਏ ਇੰਸਪੈਕਟਰ ਸੁਖਬੀਰ ਸਿੰਘ ਦੀ ਡਿਊਟੀ ਗੇਟ ’ਤੇ ਸੀ, ਜਿਨ੍ਹਾਂ ਦੀ ਨਿਗਰਾਨੀ ਹੇਠ ਹੌਲਦਾਰ ਜਸਕਰਨ ਸਿੰਘ, ਹੌਲਦਾਰ ਦਰਸ਼ਨ ਸਿੰਘ ਤੇ ਸਤਬੀਰ ਸਿੰਘ ਵੀ ਗੇਟ ’ਤੇ ਤਾਇਨਾਤ ਸਨ। ਸਮਾਰੋਹ ਵਿੱਚ ਪੁਲਿਸ ਮੁਲਾਜ਼ਮਾਂ ਲਈ ਵੱਖਰੇ ਖਾਣੇ ਦਾ ਪ੍ਰਬੰਧ ਸੀ।
ਪਤਾ ਲੱਗਾ ਹੈ ਕਿ ਉਪਰੋਕਤ ਤਿੰਨ ਕਰਮਚਾਰੀ ਗੇਟ ਛੱਡ ਕੇ ‘ਲੇਡੀਜ਼ ਸੰਗੀਤ’ ਪਾਰਟੀ ਦੇ ਅੰਦਰ ਚਲੇ ਗਏ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਤਿੰਨ ਮੁਲਾਜ਼ਮਾਂ ਦਾ ਮੈਡੀਕਲ ਸ਼ਰਾਬ ਪੀਣ ਦਾ ਸ਼ੱਕ ਹੋਣ ਕਾਰਨ ਕੀਤਾ ਗਿਆ ਸੀ। ਇਸ ਦੇ ਨਮੂਨੇ ਮੋਹਾਲੀ ਦੇ ਫੇਜ਼-4 ਸਥਿਤ ਪੰਜਾਬ ਰਾਜ ਫੌਰੈਂਸਿਕ ਲੈਬ ਨੂੰ ਜਾਂਚ ਲਈ ਭੇਜੇ ਗਏ ਹਨ।
ਐਸਐਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੌਲਦਾਰ ਜਸਕਰਨ ਸਿੰਘ, ਹੌਲਦਾਰ ਦਰਸ਼ਨ ਸਿੰਘ ਤੇ ਕਾਂਸਟੇਬਲ ਸਤਬੀਰ ਸਿੰਘ ਨੂੰ ਸ਼ਰਾਬ ਪੀਣ ਤੇ ਡਿਊਟੀ ਦੌਰਾਨ ਲਾਪਰਵਾਹੀ ਦੇ ਦੋਸ਼ਾਂ ਤੇ ਸੀਆਈਏ ਇੰਸਪੈਕਟਰ ਸੁਖਬੀਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਗੇਟ ਤੇ ਕੋਈ ਨਹੀਂ ਸੀ, ਅੰਦਰ ਖਿਚਵਾ ਰਹੇ ਸੀ ਫੋਟੋਆਂ
ਪੁਲਿਸ ਸੂਤਰਾਂ ਅਨੁਸਾਰ ਤਿੰਨੋਂ ਕਰਮਚਾਰੀ ਗੇਟ ਤੋਂ ਅਚਾਨਕ ਗਾਇਬ ਹੋ ਗਏ। ਇਸ ਤੋਂ ਬਾਅਦ, ਪ੍ਰੋਗਰਾਮ ਵਿੱਚ ਕੌਣ ਦਾਖਲ ਹੋਇਆ, ਕਿਸੇ ਨੂੰ ਕੁਝ ਨਹੀਂ ਪਤਾ। ਮੁੱਖ ਮੰਤਰੀ ਦੀ ਸੁਰੱਖਿਆ ਲਈ ਇੱਕ ਪ੍ਰੋਟੋਕੋਲ ਵੀ ਹੈ। ਪਤਾ ਲੱਗਾ ਹੈ ਕਿ ਤਿੰਨੇ ਕਰਮਚਾਰੀ ਅੰਦਰ ਫੋਟੋਆਂ ਖਿਚਵਾ ਰਹੇ ਸਨ।
ਇਹ ਵੀ ਪੜ੍ਹੋ: Coronavirus Update: ਕੁਝ ਦਿਨ ਦੀ ਰਾਹਤ ਮਗਰੋਂ ਫਿਰ ਵਧੇ ਕੋਰੋਨਾ ਕੇਸ, ਬੀਤੇ 24 ਘੰਟਿਆਂ 'ਚ ਦਰਜ ਕੀਤੇ ਗਏ 18,987 ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: