Punjab News: ਪੂਰੇ ਪੰਜਾਬ 'ਚ ਸੋਗ ਦੀ ਲਹਿਰ! ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ
ਇਨ੍ਹਾਂ ਸ਼ਹੀਦ ਜਵਾਨਾਂ ਵਿੱਚ ਬਠਿੰਡਾ ਦੇ ਤਲਵੰਡੀ ਸਾਬੋ ਦਾ ਗੁਰਸੇਵਕ ਸਿੰਘ, ਮੋਗਾ ਦੇ ਪਿੰਡ ਚੜਿੱਕ ਦਾ ਕੁਲਵੰਤ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦਾ ਮਨਦੀਪ ਸਿੰਘ ਤੇ ਬਟਾਲਾ ਦੇ ਪਿੰਡ ਤਲਵੰਡੀ ਭਰਥ ਦਾ ਜਵਾਨ ਹਰਕ੍ਰਿਸ਼ਨ ਸਿੰਘ ਸ਼ਾਮਲ ਸਨ।
Punjab News: ਜੰਮੂ-ਕਸ਼ਮੀਰ ਦੇ ਪੁਣਛ 'ਚ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦਾਂ ਦੇ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ। ਇਨ੍ਹਾਂ ਸ਼ਹੀਦ ਜਵਾਨਾਂ ਵਿੱਚ ਬਠਿੰਡਾ ਦੇ ਤਲਵੰਡੀ ਸਾਬੋ ਦਾ ਗੁਰਸੇਵਕ ਸਿੰਘ, ਮੋਗਾ ਦੇ ਪਿੰਡ ਚੜਿੱਕ ਦਾ ਕੁਲਵੰਤ ਸਿੰਘ, ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦਾ ਮਨਦੀਪ ਸਿੰਘ ਤੇ ਬਟਾਲਾ ਦੇ ਪਿੰਡ ਤਲਵੰਡੀ ਭਰਥ ਦਾ ਜਵਾਨ ਹਰਕ੍ਰਿਸ਼ਨ ਸਿੰਘ ਸ਼ਾਮਲ ਸਨ।
ਗੁਰਸੇਵਕ ਸਿੰਘ ਸੀ ਮਾਪਿਆਂ ਦਾ ਇਕਲੌਤਾ ਪੁੱਤਰ
ਇਸ ਹਮਲੇ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਘਾ ਦਾ ਰਹਿਣ ਵਾਲਾ ਸਿਪਾਹੀ ਗੁਰਸੇਵਕ ਸਿੰਘ ਵੀ ਸ਼ਾਮਲ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ। ਗੁਰਸੇਵਕ ਸਿੰਘ 20 ਦਿਨ ਪਹਿਲਾਂ ਛੁੱਟੀ ਕੱਟ ਕੇ ਪਰਤਿਆ ਸੀ। ਉਹ ਸਾਲ 2018 'ਚ ਫੌਜ 'ਚ ਭਰਤੀ ਹੋਇਆ ਸੀ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਵਿੱਚ ਸ਼ਹੀਦ ਹੋਏ ਸੀ
ਸ਼ਹੀਦ ਹੋਏ ਜਵਾਨਾਂ ਵਿੱਚੋਂ ਕੁਲਵੰਤ ਸਿੰਘ ਮੋਗਾ ਦੇ ਪਿੰਡ ਚੜਿੱਕ ਦਾ ਵਸਨੀਕ ਹੈ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਵਿੱਚ ਸ਼ਹੀਦ ਹੋਏ ਸਨ। ਕੁਲਵੰਤ ਆਪਣੇ ਪਿੱਛੇ ਇੱਕ ਧੀ ਤੇ ਤਿੰਨ ਮਹੀਨੇ ਦਾ ਬੇਟਾ ਛੱਡ ਗਿਆ ਹੈ। ਉਹ 14 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।
ਕੱਲ੍ਹ ਜਦੋਂ ਪਤਾ ਲੱਗਾ ਕਿ ਉਹ ਸ਼ਹੀਦ ਹੋ ਗਿਆ ਹੈ ਤਾਂ ਪੂਰਾ ਪਰਿਵਾਰ ਸੋਗ ਤੇ ਸਦਮੇ ਵਿੱਚ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣਾ ਘਰ ਬਣਾ ਰਿਹਾ ਸੀ। ਅਜੇ ਘਰ ਵੀ ਪੂਰਾ ਨਹੀਂ ਹੋਇਆ ਸੀ ਕਿ ਉਹ ਸ਼ਹੀਦ ਹੋ ਗਿਆ। ਸ਼ਹੀਦ ਕੁਲਵੰਤ ਦੇ ਵਿਆਹ ਨੂੰ ਦੋ ਸਾਲ ਹੀ ਹੋਈ ਸਨ। ਉਸ ਨੇ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਲਈ ਸੀ।
ਤੀਜਾ ਜਵਾਨ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜਲੇ ਪਿੰਡ ਚਣਕੋਈਆਂ ਦਾ ਮਨਦੀਪ ਸਿੰਘ (39) ਪੁੱਤਰ ਰੂਪ ਸਿੰਘ ਹੈ। ਮਨਦੀਪ ਆਪਣੇ ਪਿੱਛੇ ਮਾਂ, ਪਤਨੀ ਤੇ ਪੁੱਤਰ ਤੇ ਧੀ ਛੱਡ ਗਿਆ ਹੈ। ਫੌਜੀ ਅਧਿਕਾਰੀਆਂ ਨੇ ਦੇਰ ਰਾਤ ਫੋਨ 'ਤੇ ਪਰਿਵਾਰ ਨੂੰ ਮਨਦੀਪ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਚੌਥਾ ਜਵਾਨ ਜ਼ਿਲ੍ਹਾ ਗੁਰਦਾਸਪੁਰ ਦਾ ਕਾਂਸਟੇਬਲ ਹਰਕ੍ਰਿਸ਼ਨ ਸਿੰਘ ਹੈ। ਜਵਾਨ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ, ਤਹਿਸੀਲ ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਦਾ ਰਹਿਣ ਵਾਲਾ ਹੈ। ਹਰਕ੍ਰਿਸ਼ਨ ਸਿੰਘ ਆਪਣੇ ਪਿੱਛੇ ਪਤਨੀ ਤੇ ਇੱਕ ਦੋ ਸਾਲਾ ਬੱਚੀ ਤੇ ਬਜ਼ੁਰਗ ਮਾਂ-ਪਿਉ ਨੂੰ ਛੱਡ ਗਿਆ ਹੈ। ਹਰਕ੍ਰਿਸ਼ਨ ਦਾ ਪਿਤਾ ਮੰਗਲ ਸਿੰਘ ਵੀ ਫੌਜ ਵਿੱਚੋਂ ਹੀ ਰਿਟਾਇਰਡ ਹੋਏ ਹਨ। ਹਰਕ੍ਰਿਸ਼ਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਅੱਜ ਤੋਂ ਪੰਜ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸੀ। ਸ਼ਹੀਦ ਹਰਕ੍ਰਿਸ਼ਨ ਸਿੰਘ ਪਹਿਲਾ 16 ਸਿਖਲਾਈ ਵਿੱਚ ਡਿਊਟੀ ਕਰਦੇ ਸੀ ਤੇ ਹੁਣ 49 ਆਰਆਰ ਵਿੱਚ ਗਏ ਸੀ।