(Source: ECI/ABP News/ABP Majha)
Punjab News: ਖਾਲਿਸਤਾਨੀਆਂ 'ਤੇ ਪੂਰੀ ਨਜ਼ਰ, ਇਨ੍ਹਾਂ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ: ਅਮਿਤ ਸ਼ਾਹ
Punjab News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ‘ਸਰਕਾਰ ਨੇ ਖਾਲਿਸਤਾਨ ਦੇ ਹਮਦਰਦਾਂ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਨਾਲ ਵੀ ਚਰਚਾ ਕੀਤੀ ਹੈ।
Punjab News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ‘ਸਰਕਾਰ ਨੇ ਖਾਲਿਸਤਾਨ ਦੇ ਹਮਦਰਦਾਂ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਨਾਲ ਵੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਵਿਚਕਾਰ ਚੰਗਾ ਤਾਲਮੇਲ ਹੈ। ਮੈਨੂੰ ਭਰੋਸਾ ਹੈ ਕਿ ਅਸੀਂ ਇਸ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।’
ਵਿਸ਼ੇਸ਼ ਇੰਟਰਵਿਊ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਤੇ ਚੋਣਾਂ ਦੇ ਸਮੇਂ ਬਾਰੇ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ।
ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਹੈ ਤੇ ਅਤਿਵਾਦ ਨਾਲ ਸਬੰਧਤ ਅੰਕੜੇ ਸਭ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ’ਚ 60 ਫ਼ੀਸਦੀ ਇਲਾਕੇ ’ਚੋਂ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਬਾਰੇ ਐਕਟ ਹਟਾ ਲਿਆ ਗਿਆ ਹੈ।
ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿੰਡਨਬਰਗ-ਅਡਾਨੀ ਵਿਵਾਦ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁਣਗੇ ਕਿਉਂਕਿ ਇਸ ਮਾਮਲੇ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਚੱਲ ਰਹੀ ਹੈ। ਉਂਜ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਭਾਜਪਾ ਕੋਲ ਇਸ ਮਾਮਲੇ ’ਚ ਛਿਪਾਉਣ ਲਈ ਕੁਝ ਵੀ ਨਹੀਂ ਤੇ ਨਾ ਹੀ ਪਾਰਟੀ ਨੂੰ ਡਰਨ ਦੀ ਕੋਈ ਲੋੜ ਹੈ।
ਖ਼ਬਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ 12 ਲੱਖ ਕਰੋੜ ਰੁਪਏ ਦੇ ਘੁਟਾਲੇ ਹੋਏ ਸਨ। ਕਾਂਗਰਸ ਅਤੇ ਵਿਰੋਧੀ ਧਿਰਾਂ ਵੱਲੋਂ ਭਾਜਪਾ ’ਤੇ ਸਰਕਾਰੀ ਅਦਾਰਿਆਂ ਨੂੰ ਢਾਹ ਲਾਉਣ ਦੇ ਕੀਤੇ ਜਾ ਰਹੇ ਯਤਨਾਂ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਜਾਣਾ ਚਾਹੀਦਾ ਹੈ ਕਿਉਂਕਿ ਅਦਾਲਤਾਂ ਭਾਜਪਾ ਦੇ ਪ੍ਰਭਾਵ ਅਧੀਨ ਨਹੀਂ ਹਨ।
ਹਿੰਡਨਬਰਗ ਤੇ ਬੀਬੀਸੀ ਦਸਤਾਵੇਜ਼ੀ ਰਾਹੀਂ ਸਰਕਾਰ ਖ਼ਿਲਾਫ਼ ਸਾਜ਼ਿਸ਼ ਘੜੇ ਜਾਣ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਹਜ਼ਾਰਾਂ ਸਾਜ਼ਿਸ਼ਾਂ ਵੀ ਸੱਚ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਹਨ। ਸੱਚ ਸੂਰਜ ਵਾਂਗ ਚਮਕਦਾ ਹੈ। ਉਹ 2002 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ ਅਤੇ ਹਰ ਵਾਰ ਉਹ ਮਜ਼ਬੂਤ ਹੋ ਕੇ ਉੱਭਰੇ ਹਨ।
ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਕਰਾਉਣ ਦੇ ਸਮੇਂ ਬਾਰੇ ਫ਼ੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਬਾਰੇ ਫ਼ੈਸਲਾ ਵਿਧਾਨ ਸਭਾ ਚੋਣਾਂ ਮਗਰੋਂ ਹੋਵੇਗਾ। ਉਨ੍ਹਾਂ ਕਿਹਾ ਕਿ ਵਾਦੀ ’ਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ ਅਤੇ ਧਾਰਾ 370 ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਜੰਮੂ ਕਸ਼ਮੀਰ ’ਚ ਵਿਕਾਸ ਹੋਣ ਨਾਲ ਅਤਿਵਾਦ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ।