ਗਿਆਨੀ ਹਰਪ੍ਰੀਤ ਸਿੰਘ ਵਲੋਂ ਸੁਰੱਖਿਆ ਵਾਪਸ ਨਾ ਲੈਣ ਦੇ ਫੈਸਲੇ ਮਗਰੋਂ ਪੰਜਾਬ ਪੁਲਿਸ ਨੂੰ ਪਈਆਂ ਭਾਜੜਾਂ, ਜਥੇਦਾਰ ਦੇ ਪੀਏ ਨੇ ਕੀਤਾ ਇਹ ਦਾਅਵਾ
ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲ ਕਰਕੇ ਸੁਰੱਖਿਆ ਕਰਮੀਆਂ ਨੂੰ ਮੁੜ ਤੈਨਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਜਥੇਦਾਰ ਵਲੋਂ ਸੁਰੱਖਿਆ ਵਾਪਸ ਲੈਣ ਤੋਂ ਸਾਫ ਮਨਾ ਕੀਤਾ ਜਾ ਰਿਹਾ ਹੈ।
ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਨਾ ਲੈਣ ਦੇ ਫੈਸਲੇ ਮਗਰੋਂ ਪੰਜਾਬ ਪੁਲਿਸ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਸਰਕਾਰ / ਪੁਲਿਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲੀ ਲਈ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਟਾਫ ਨਾਲ ਸੰਪਰਕ ਕਰ ਰਹੇ ਹਨ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਦੋ ਵਾਰ ਅਕਾਲ ਤਖ਼ਤ ਸਾਹਿਬ ਹੈਡਕੁਆਟਰ ਸੰਪਰਕ ਕਰਕੇ ਸਿੰਘ ਸਾਹਿਬ ਦੀ ਸੁਰੱਖਿਆ ਬਹਾਲ ਕਰਨ ਬਾਰੇ ਕਿਹਾ ਸੀ ਪਰ ਸਿੰਘ ਨੇ ਸੁਰੱਖਿਆ ਲੈਣ ਤੋਂ ਮਨਾ ਕਰ ਦਿੱਤਾ ਹੈ।
ਇਸ ਸਭ ਦੇ ਬਾਅਦ ਗਿਆਨੀ ਹਰਪ੍ਰੀਤ ਸਿੰ ਦੇ ਹੁਕਮਾਂ 'ਤੇ ਅਕਾਲ ਤਖਤ ਹੈਡਕੁਆਟਰ ਵੱਲੋਂ ਸੁਰੱਖਿਆ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨਾਲ ਕੁਲ 6 (ਤਿੰਨ ਪੰਜਾਬ ਪੁਲਿਸ ਤੇ ਤਿੰਨ ਆਈਆਰਬੀ) ਦੇ ਜਵਾਨ ਤੈਨਾਤ ਸੀ ਜਿਨਾਂ 'ਚੋਂ ਸੂਬਾ ਸਰਕਾਰ ਵਲੋਂ ਬੀਤੇ ਕੁਝ ਦਿਨ ਪਹਿਲਾਂ ਤਿੰਨ ਨੂੰ ਵਾਪਸ ਬੁਲਾ ਲਿਆ ਗਿਆ ਸੀ।
ਹੁਣ ਬੀਤੇ ਦਿਨੀ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਦੇ ਮੁੱਦੇ 'ਤੇ ਚੁਫੇਰਿਓਂ ਘਿਰੀ ਪੰਜਾਬ ਸਰਕਾਰ ਇਸ ਮਾਮਲੇ ਨੂੰ ਕਵਰ ਕਰਨ 'ਚ ਲੱਗ ਗਈ ਹੈ। ਇਸ ਵੱਡੇ ਹਾਦਸੇ ਕਰਕੇ ਸਰਕਾਰ ਨੂੰ ਵਿਰੋਧੀ ਧੀਰਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 424 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲਈ ਗਈ ਸੀ, ਜਿਸ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਵੀ ਸ਼ਾਮਲ ਸੀ। ਅਤੇ ਇਸ ਤੋਂ ਇੱਕ ਦਿਨ ਵਾਂਦ 29 ਮਈ ਨੂੰ ਸਿੱਧੂ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ।
ਸੂਬੇ 'ਚ ਹੋਈ ਇਸ ਮੰਦਭਾਗੀ ਘਟਨਾ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲ ਕਰਕੇ ਸੁਰੱਖਿਆ ਕਰਮੀਆਂ ਨੂੰ ਮੁੜ ਤੈਨਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਜਥੇਦਾਰ ਵਲੋਂ ਸੁਰੱਖਿਆ ਵਾਪਸ ਲੈਣ ਤੋਂ ਸਾਫ ਮਨਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਦੇ 10 ਮੁਲਾਜ਼ਮ ਹਰਪ੍ਰੀਤ ਸਿੰਘ ਦੀ ਸੁਰੱਖਿਆ 'ਚ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਰੱਖਿਆ ਨਾ ਲਏ ਜਾਣ ਬਾਬਤ ਪੁੱਛੇ ਜਾਣ 'ਤੇ ਸਿਰਫ ਇਹ ਕਿਹਾ ਕਿ ਜਥੇਦਾਰ ਸਾਹਿਬ ਫਿਲਹਾਲ ਬਾਹਰ ਹਨ, ਉਨ੍ਹਾਂ ਦੇ ਅੰਮ੍ਰਿਤਸਰ ਪਰਤਣ 'ਤੇ ਇਸ ਮਾਮਲੇ 'ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਦੂਜੇ ਪਾਸੇ ਕੱਲ੍ਹ ਤੋਂ ਘੱਲੂਘਾਰਾ ਹਫ਼ਤਾ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦਰਬਾਰ ਸਾਹਿਬ ਦੇ ਨੇੜਲੇ ਖੇਤਰਾਂ ਸਮੇਤ ਸ਼ਹਿਰ ਦੇ ਕਈ ਇਲਾਕਿਆਂ 'ਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਪੁਲਿਸ ਦੇ ਨਾਲ-ਨਾਲ ਪੈਰਾ ਮਿਲਟ੍ਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦੀ ਮੰਗ- ਰਾਕੇਸ਼ ਟਿਕੈਤ 'ਤੇ ਮਾਮਲੇ ਦੀ ਹੋਣੀ ਚਾਹੀਦੀ ਨਿਆਂਇਕ ਜਾਂਚ