ਪਿੰਡਾਂ ਦੇ ਲੋਕਾਂ ਨਾਲ ਜੁੜਨ ਲਈ ਸਰਕਾਰ ਦਾ 'ਮਾਸਟਰ ਪਲਾਨ' CM ਮਾਨ ਵੱਲੋਂ ‘ਪਿੰਡ-ਸਰਕਾਰ ਮਿਲਣੀ’ ਕਰਵਾਉਣ ਦਾ ਐਲਾਨ
ਭਗਵੰਤ ਮਾਨ ਨੇ ਕਿਹਾ ਕਿ ਇਹ ਮਿਲਣੀਆਂ ਮਾਲਵਾ ਖਿੱਤੇ ਵਿਚ ਦੋ ਦਿਨ ਜਦਕਿ ਦੋਆਬੇ ਤੇ ਮਾਝੇ ਵਿਚ ਇਕ-ਇਕ ਦਿਨ ਕਰਵਾਈਆਂ ਜਾਣਗੀਆਂ ਕਿਉਂ ਜੋ ਸੂਬੇ ਦੇ 60 ਫੀਸਦੀ ਪਿੰਡ ਮਾਲਵੇ ਖੇਤਰ ਵਿਚ ਪੈਂਦੇ ਹਨ।
Punjab News: ਸੂਬੇ ਵਿਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ‘ਕਿਸਾਨ-ਸਰਕਾਰ ਮਿਲਣੀ’ ਦੀ ਤਰਜ਼ ਉਤੇ ‘ਪਿੰਡ-ਸਰਕਾਰ ਮਿਲਣੀ’ ਕਰਵਾਈ ਜਾਵੇਗੀ ਤਾਂ ਕਿ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਵਿਚ ਭਾਈਵਾਲ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਅ ਹਾਸਲ ਕੀਤੇ ਜਾ ਸਕਣ।
ਮੁੱਖ ਮੰਤਰੀ ਦਫ਼ਤਰ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਪਿੰਡ-ਕਿਸਾਨ ਮਿਲਣੀ’ ਜ਼ਿਲ੍ਹਾ ਪੱਧਰ ਉਤੇ ਕਰਵਾਈ ਜਾਵੇਗੀ ਜਿੱਥੇ ਪੰਚਾਇਤਾਂ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ ਲਈ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂੰ ਕਰਵਾਉਣਗੀਆਂ। ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ‘ਪਿੰਡ-ਕਿਸਾਨ ਮਿਲਣੀਆਂ’ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ ਤਾਂ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਗੱਲ ਰੱਖਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਪਿੰਡਾਂ ਦੇ ਵਿਕਾਸ ਨੂੰ ਲੈਕੇ ਕਈ ਅਹਿਮ ਚਰਚਾਵਾਂ ਹੋਈਆਂ...
— Bhagwant Mann (@BhagwantMann) June 26, 2023
ਜਲਦ ਹੀ ਅਸੀਂ 'ਪਿੰਡ-ਸਰਕਾਰ ਮਿਲਣੀ' ਕਰਾਉਣ ਜਾ ਰਹੇ ਹਾਂ...ਇਹ ਮਿਲਣੀਆਂ ਜ਼ਿਲ੍ਹਾ ਪੱਧਰ 'ਤੇ ਹੋਣਗੀਆਂ ਤਾਂ ਜੋ ਪਿੰਡਾਂ ਦੇ ਲੋਕ ਸਰਕਾਰ ਨਾਲ ਸਿੱਧਾ ਰਾਬਤਾ ਕਰ ਪਿੰਡਾਂ ਦੇ ਵਿਕਾਸ ਲਈ ਬਨਣ ਵਾਲੀਆਂ… pic.twitter.com/JfzTaPSMXL
ਭਗਵੰਤ ਮਾਨ ਨੇ ਕਿਹਾ ਕਿ ਇਹ ਮਿਲਣੀਆਂ ਮਾਲਵਾ ਖਿੱਤੇ ਵਿਚ ਦੋ ਦਿਨ ਜਦਕਿ ਦੋਆਬੇ ਤੇ ਮਾਝੇ ਵਿਚ ਇਕ-ਇਕ ਦਿਨ ਕਰਵਾਈਆਂ ਜਾਣਗੀਆਂ ਕਿਉਂ ਜੋ ਸੂਬੇ ਦੇ 60 ਫੀਸਦੀ ਪਿੰਡ ਮਾਲਵੇ ਖੇਤਰ ਵਿਚ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਕਿ ਪੰਚਾਇਤਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ ਉਤੇ ਹੱਲ ਹੋਣ ਵਾਲੇ ਛੋਟੇ-ਛੋਟੇ ਮਸਲੇ ਵੀ ਸਬੰਧਤ ਅਧਿਕਾਰੀਆਂ ਤੱਕ ਨਹੀਂ ਪਹੁੰਚਾ ਸਕਦੀਆਂ ਜਿਸ ਨਾਲ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਕਈ ਪੰਚਾਇਤਾਂ ਨੇ ਨਿਵੇਕਲੇ ਪ੍ਰਾਜੈਕਟ ਲਾਗੂ ਕਰਕ ਆਪੋ-ਆਪਣੇ ਪਿੰਡਾਂ ਨੂੰ ਮਾਡਰਨ ਪਿੰਡਾਂ ਵਜੋਂ ਵਿਕਸਤ ਕੀਤਾ ਹੈ ਜਿਸ ਨਾਲ ਇਨ੍ਹਾਂ ਪੰਚਾਇਤਾਂ ਪਾਸੋਂ ਸੁਝਾਅ ਵੀ ਲਏ ਜਾਣਗੇ। ਇਸੇ ਕਰਕੇ ਸੂਬੇ ਵਿਚ ਪਿੰਡ-ਸਰਕਾਰ ਮਿਲਣੀਆਂ ਕਰਵਾਉਣ ਦਾ ਫੈਸਲਾ ਲਿਆ ਹੈ।
ਸੂਬੇ ਵਿਚ ‘ਕਿਸਾਨ-ਸਰਕਾਰ ਮਿਲਣੀ’ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਿਲਣੀਆਂ ਵਿਚ ਉਨ੍ਹਾਂ ਨੇ ਖੁਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਨਹਿਰੀ ਪਾਣੀ ਸਮੇਂ ਸਿਰ ਛੱਡਣ, ਝੋਨੇ ਦੀ ਬਿਜਾਈ ਆਦਿ ਬਾਰੇ ਸੁਝਾਅ ਵੀ ਦਿੱਤੇ ਸਨ ਜਿਸ ਦੇ ਮੁਤਾਬਕ ਸਰਕਾਰ ਨੇ ਸੂਬਾ ਭਰ ਵਿਚ ਇਸ ਵਾਰ ਨਹਿਰੀ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ।