ਸਰਕਾਰੀ ਹਸਪਤਾਲ ਦਾ ਵੇਖੋ ਹਾਲ! ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ, ਵੀਡੀਓ ਪਾ ਕੇ ਕੀਤਾ ਖੁਲਾਸਾ
Fatehgarh Sahib Civil Hospital: ਪੰਜਾਬ ਦੇ ਮੰਤਰੀ ਤੇ ਵਿਧਾਇਕ ਐਕਸ਼ਨ ਮੋਡ ਵਿੱਚ ਹਨ। ਮੰਤਰੀਆਂ ਤੇ ਵਿਧਾਇਕਾਂ ਵੱਲੋਂ ਅਚਨਚੇਤ ਛਾਪੇ ਮਾਰ ਕੇ ਸਰਕਾਰੀ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

Fatehgarh Sahib Civil Hospital: ਪੰਜਾਬ ਦੇ ਮੰਤਰੀ ਤੇ ਵਿਧਾਇਕ ਐਕਸ਼ਨ ਮੋਡ ਵਿੱਚ ਹਨ। ਮੰਤਰੀਆਂ ਤੇ ਵਿਧਾਇਕਾਂ ਵੱਲੋਂ ਅਚਨਚੇਤ ਛਾਪੇ ਮਾਰ ਕੇ ਸਰਕਾਰੀ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਦੌਰਾਨ ਕੌਤਾਹੀ ਮਿਲਣ ਉਪਰ ਤੁਰੰਤ ਐਕਸ਼ਨ ਵੀ ਲਿਆ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਸਰਕਾਰੀ ਮੁਲਾਜ਼ਮ ਆਪਣਾ ਰਵੱਈਆ ਬਦਲਣ ਲਈ ਤਿਆਰ ਨਹੀਂ। ਅਜਿਹਾ ਹੀ ਮਾਮਲਾ ਅੱਜ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ।
ਦਰਅਸਲ ਅੱਜ ਸਵੇਰੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਦਾ ਅਚਨਚੇਤ ਨਿਰੀਖਣ ਕੀਤਾ। ਉਹ ਸਵੇਰੇ 8:50 ਵਜੇ ਹਸਪਤਾਲ ਪਹੁੰਚ ਗਏ। ਹਸਪਤਾਲ ਦਾ ਨਿਯਮਤ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ। ਮੰਤਰੀ ਦੇ ਅਚਾਨਕ ਆਉਣ ਨਾਲ ਸਟਾਫ਼ ਵਿੱਚ ਹੜਕੰਪ ਮਚ ਗਿਆ। ਨਿਰੀਖਣ ਦੌਰਾਨ ਮੰਤਰੀ ਨੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ। ਉਨ੍ਹਾਂ ਤੁਰੰਤ ਸਿਵਲ ਸਰਜਨ ਤੇ ਐਸਐਚਓ ਨੂੰ ਸਥਿਤੀ ਸੁਧਾਰਨ ਦੇ ਨਿਰਦੇਸ਼ ਦਿੱਤੇ। ਰਜਿਸਟ੍ਰੇਸ਼ਨ ਕਾਊਂਟਰ 'ਤੇ ਵਾਧੂ ਸਟਾਫ਼ ਤਾਇਨਾਤ ਕਰਨ ਲਈ ਕਿਹਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫੇਸਬੁਕ ਉੱਪਰ ਪੋਸਟ ਪਾ ਕੇ ਖੁਲਾਸਾ ਕੀਤਾ ਕਿ ਅੱਜ ਸਵੇਰੇ ਸਰਕਾਰੀ ਹਸਪਤਾਲ, ਫਤਿਹਗੜ੍ਹ ਸਾਹਿਬ ਦੀ ਅਚਨਚੇਤ ਜਾਂਚ ਦੌਰਾਨ ਹਸਪਤਾਲ ਦੀ ਸੇਵਾਵਾਂ ਦੀ ਹਕੀਕਤ ਨੂੰ ਨਜ਼ਦੀਕੋਂ ਵੇਖਿਆ ਗਿਆ। ਜਾਂਚ ਵਿੱਚ ਕੁਝ ਬੇਤਰਤੀਬੀਆਂ ਸਾਹਮਣੇ ਆਈਆਂ ਹਨ। ਕੁਝ ਡਾਕਟਰ ਡਿਊਟੀ ’ਤੇ ਮੌਜੂਦ ਨਹੀਂ ਸਨ, ਜੋ ਕਿ ਲਾਪਰਵਾਹੀ ਦਾ ਸਿੱਧਾ ਉਦਾਹਰਣ ਹੈ। ਇਹ ਕੁਤਾਹੀ ਬਰਦਾਸ਼ਤ ਨਹੀਂ। ਸਿਹਤ ਸੇਵਾਵਾਂ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਜਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਪੁਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਗੈਰ-ਹਾਜ਼ਰ ਅਤੇ ਲਾਪ੍ਰਵਾਹ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਮੰਤਰੀ ਨੇ ਮਰੀਜ਼ਾਂ ਨਾਲ ਸਿੱਧਾ ਸੰਪਰਕ ਕੀਤਾ। ਉਨ੍ਹਾਂ ਨੇ ਦਵਾਈਆਂ ਦੀ ਉਪਲਬਧਤਾ, ਸਟਾਫ਼ ਦੇ ਵਿਵਹਾਰ ਤੇ ਇਲਾਜ ਦੀ ਗੁਣਵੱਤਾ ਬਾਰੇ ਜਾਣਕਾਰੀ ਲਈ। ਆਉਣ ਵਾਲੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ, ਉਨ੍ਹਾਂ ਨੇ ਪੱਖਿਆਂ ਤੇ ਕੂਲਰਾਂ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇੱਕ ਸ਼ੈੱਡ ਬਣਾਉਣ ਲਈ ਕਿਹਾ ਤਾਂ ਜੋ ਮਰੀਜ਼ਾਂ ਨੂੰ ਧੁੱਪ ਵਿੱਚ ਖੜ੍ਹੇ ਨਾ ਹੋਣਾ ਪਵੇ।
ਉਧਰ, ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਨਿਰੀਖਣ ਦੌਰਾਨ ਜ਼ਿਆਦਾਤਰ ਪ੍ਰਬੰਧ ਸਹੀ ਪਾਏ ਗਏ। ਮੰਤਰੀ ਵੱਲੋਂ ਲੰਬੀਆਂ ਕਤਾਰਾਂ ਤੇ ਕੰਮ ਕਰਨ ਦੇ ਢੰਗ ਨੂੰ ਬਿਹਤਰ ਬਣਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਤੁਰੰਤ ਪਾਲਣਾ ਕੀਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
