ਨਗਾਰਿਆਂ ਦੀ ਚੋਟ 'ਤੇ ਹੋਲਾ-ਮਹੱਲਾ ਦਾ ਆਗਾਜ਼, ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਨੂੰ ਤਾੜਨਾ
ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਸੰਗਤ ਹੁੰਮ ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ।
ਆਨੰਦਪੁਰ ਸਾਹਿਬ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੌਮੀ ਤਿਉਹਾਰ ਹੋਲਾ-ਮਹੱਲਾ ਰਸ਼ਮਿਤਾ ਕਿਰਨ ਨਾਲ ਨਗਾਰਿਆਂ ਦੀ ਚੋਟ 'ਤੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸ਼ੁਰੂ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਬਾਕੀ ਦੇ ਸੰਤਾਂ ਮਹਾਪੁਰਸ਼ਾਂ ਵੱਲੋਂ ਪੁਰਾਤਨ ਨਗਾਰਿਆਂ 'ਤੇ ਚੋਟ ਲਗਾ ਕੇ ਹੋਲਾ ਮਹੱਲਾ ਦਾ ਆਗਾਜ਼ ਕੀਤਾ ਗਿਆ।
ਪਹਿਲੇ ਪੜਾਅ ਦੌਰਾਨ ਹੋਲਾ ਮਹੱਲਾ ਸਮਾਗਮ ਕੀਰਤਪੁਰ ਸਾਹਿਬ ਵਿਖੇ ਹੁੰਦੇ ਹਨ ਤੇ ਦੂਜੇ ਪੜਾਅ ਦੇ ਸਮਾਗਮ ਸ੍ਰੀ ਅਨੰਦਪੁਰ ਵਿਖੇ ਹੁੰਦੇ ਹਨ। ਜਿੱਥੇ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਗੁਰੂਘਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।
29 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਜਾਵੇਗਾ ਅਤੇ ਮੁਹੱਲੇ ਨੂੰ ਦੇਖਣ ਦੇ ਲਈ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਖ਼ਾਸ ਤੌਰ 'ਤੇ ਪਹੁੰਚਦੀਆਂ ਹਨ।
ਅੱਜ ਹੋਲਾ ਮਹੱਲਾ ਦੇ ਰਸਮੀ ਆਗਾਜ਼ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਸੰਗਤ ਹੁੰਮ ਹੁਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਾ ਕਰੇ ਅਤੇ ਹੋਲਾ-ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ ਜਿਸ ਵਿੱਚ ਕਿਸੇ ਤਰੀਕੇ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।