Hoshiarpur News: ਪੱਠੇ ਲੈਣ ਗਈ ਮਹਿਲਾ ਨਾਲ ਗੁਆਂਢੀਆਂ ਵੱਲੋਂ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ, ਦਾਤੀ ਨਾਲ ਵਾਰ ਕਰ ਕੀਤਾ ਲਹੂ-ਲੁਹਾਣ
Punjab News: ਪੱਠੇ ਲੈਣ ਗਈ ਮਹਿਲਾ ਨਾਲ ਗੁਆਂਢੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਪੀੜਤ ਔਰਤ ਉੱਤੇ ਦਾਤੀ ਨਾਲ ਕਈ ਵਾਰ ਵੀ ਕੀਤੇ ਗਏ। ਜਿਸ ਤੋਂ ਬਾਅਦ ਲਹੂ-ਲੁਹਾਣ ਔਰਤ ਖੇਤਾਂ ਦੇ ਵਿੱਚ ਹੀ ਬੇਸੁੱਦ ਪਈ ਰਹੀ।
Hoshiarpur News: ਹੁਸ਼ਿਆਰਪੁਰ ਤੋਂ ਮਾਰ-ਕੁੱਟ ਦਾ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੁਹੱਲਾ ਸੁੰਦਰ ਨਗਰ ਤੋਂ ਹੈ, ਜਿੱਥੇ ਕਿ ਆਪਣੇ ਪੁੱਤ ਨਾਲ ਪੱਠੇ ਲੈਣ ਗਈ ਪ੍ਰਵਾਸੀ ਮਹਿਲਾ ਨੂੰ ਉਸਦੇ ਗੁਆਂਢੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇੱਥੇ ਹੀ ਬਸ ਨਹੀਂ ਸਗੋਂ ਔਰਤ ਉੱਤੇ ਦਾਤੀ ਨਾਲ ਕਈ ਵਾਰ ਵੀ ਕੀਤੇ ਗਏ। ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਉਕਤ ਮਹਿਲਾ ਖੇਤ 'ਚ ਜ਼ਖਮੀ ਹਾਲਤ 'ਚ ਬੇਸੁੱਦ ਪਈ ਰਹੀ। ਉਸਦਾ 11 ਸਾਲਾ ਪੁੱਤ ਆਪਣੀ ਜਾਨ ਬਚਾਉਣ ਲਈ ਲਾਗੇ ਹੀ ਕਿਤੇ ਲੁਕਿਆ ਰਿਹਾ। ਕਾਫੀ ਸਮੇਂ ਬਾਅਦ ਜਦੋਂ ਪੁੱਤ ਵਲੋਂ ਲੋਕਾਂ ਨੂੰ ਜਾ ਕੇ ਦੱਸਿਆ ਗਿਆ ਤਾਂ ਤੁਰੰਤ ਸਥਾਨਕ ਲੋਕਾਂ ਵਲੋਂ ਈ ਰਿਕਸ਼ਾ ਦੀ ਮਦਦ ਨਾਲ ਜ਼ਖਮੀ ਹੋਈ ਮਹਿਲਾ ਨੂੰ ਹੁਸ਼ਿਆਰਪੁਰ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਕਿ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖਮੀ ਮਹਿਲਾ ਦੀ ਪਹਿਚਾਣ ਆਸ਼ਾ ਪਤਨੀ ਉਮਾ ਕਾਂਤ ਵਾਸੀ ਬਿਹਾਰ ਹਾਲ ਵਾਸੀ ਮੁਹੱਲਾ ਸੁੰਦਰ ਨਗਰ ਵਜੋਂ ਹੋਈ ਹੈ।
ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਖਵੀਰ ਸਿੰਘ ਨੇ ਦੱਸਿਆ ਕਿ ਇਸ ਮਹਿਲਾ ਦਾ ਗੁਆਂਢ 'ਚ ਹੀ ਕੋਈ ਝਗੜਾ ਸੀ । ਇਸ ਤੋਂ ਪਹਿਲਾਂ ਵੀ ਗੁਆਂਢੀ ਵਲੋਂ ਸ਼ਰਾਬ ਦੇ ਨਸ਼ੇ ਚ ਮਹਿਲਾ ਦੇ ਘਰ ਆ ਕੇ ਕੁੱਟਮਾਰ ਕੀਤੀ ਗਈ ਸੀ ਤੇ ਅੱਜ ਜਦੋਂ ਮਹਿਲਾ ਭੀਮ ਨਗਰ ਦੇ ਪਿਛਲੇ ਪਾਸੇ ਪੱਠੇ ਲੈਣ ਲਈ ਗਈ ਤਾਂ ਗੁਆਂਢੀ ਵਲੋਂ ਆਪਣੀ ਪਤਨੀ ਅਤੇ ਹੋਰਨਾਂ ਨਾਲ ਮਿਲ ਕੇ ਤੇਜ਼ਧਾਰ ਚੀਜ਼ਾਂ ਨਾਲ ਮਹਿਲਾ ਉੱਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮਹਿਲਾ ਕਾਫੀ ਜ਼ਿਆਦਾ ਗੰਭੀਰ ਜ਼ਖਮੀ ਹਾਲਤ 'ਚ ਖੇਤਾਂ 'ਚ ਹੀ ਪਈ ਰਹੀ । ਕਾਫੀ ਸਮੇਂ ਬਾਅਦ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮਹਿਲਾ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਪੁਰਹੀਰਾਂ ਪੁਲਿਸ ਚੌਕੀ ਨੂੰ ਇਸਦੀ ਇਤਲਾਹ ਦੇ ਦਿੱਤੀ ਗਈ ਹੈ।
ਦੂਜੇ ਪਾਸੇ ਪੁਲਿਸ ਚੌਕੀ ਪੁਰਹੀਰਾਂ ਦੇ ਅਧਿਕਾਰੀ ਗੁਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਲੜਾਈ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਉਹ ਹਸਪਤਾਲ 'ਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।