ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਾਊਡਰ ਤੇ ਡਰੱਗ ਮਨੀ ਸਣੇ ਨਸ਼ਾ ਤਸਕਰ ਕਾਬੂ
ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਨਸ਼ੇ ਸਣੇ ਕਾਬੂ ਕੀਤਾ ਹੈ। ਨਸ਼ਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਦਬੋਚ ਰਹੀ ਹੈ।
ਹੁਸ਼ਿਆਰਪੁਰ: ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਨਸ਼ੇ ਸਣੇ ਕਾਬੂ ਕੀਤਾ ਹੈ। ਨਸ਼ਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਦਬੋਚ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸਪੀ ਮੁਖਤਿਆਰ ਰਾਏ, ਡੀਐਸਪੀ ਰਾਜ ਕੁਮਾਰ, ਡੀਐਸਪੀ ਭਵਨਦੀਪ ਸਿੰਘ ਦੀ ਦੇਖ-ਰੇਖ ਹੇਠ ਟਾਂਡਾ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਛਾਪਾਮਾਰੀ ਕੀਤੀ ਗਈ। ਇਸ 'ਚ ਮੁਖਬਰ ਦੀ ਸੂਚਨਾ 'ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ। ਮੁਖਬਰ ਨੇ ਦੱਸਿਆ ਕਿ ਕੁਝ ਲੋਕ ਨਸ਼ਾ ਵੇਚਣ ਦੇ ਆਦੀ ਹਨ ਤੇ ਉਨ੍ਹਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਹਾਸਲ ਜਾਣਕਾਰੀ ਮੁਤਾਬਕ ਜ਼ਮਾਨਤ 'ਤੇ ਆਏ ਇਹ ਦੁਬਾਰਾ ਨਸ਼ਾ ਵੇਚ ਰਹੇ ਹਨ। ਇਸ ਦੌਰਾਨ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਇਸ ਵਿੱਚ ਤਰਸੇਮ ਲਾਲ, ਉਸ ਦੀ ਪਤਨੀ ਪਰਮਜੀਤ ਕੌਰ ਤੇ ਉਸ ਦੀ ਨੂੰਹ ਪੂਜਾ ਨੂੰ ਪਿੰਡ ਚੌਟਾਲਾ ਵਿਚ 118 ਗ੍ਰਾਮ ਨਸ਼ੀਲੇ ਪਾਊਡਰ ਤੇ 32 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਹਰਸੀਪਿੰਡ ਰੋਡ ਸਰਕਾਰੀ ਕਾਲਜ ਨੇੜੇ ਅਵਤਾਰ ਸਿੰਘ ਸੋਨੂੰ ਅਤੇ ਰਾਜ ਰਾਣੀ ਪਤਨੀ ਨੂੰ 105 ਗ੍ਰਾਮ ਨਸ਼ੀਲਾ ਪਾਊਡਰ, 6 ਹਜ਼ਾਰ ਰੁਪਏ, ਡਰੱਗ ਮਨੀ ਅਤੇ ਇੱਕ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਅਹੀਆਪੁਰ ਵਿੱਚ ਸੂਰਜ ਉਰਫ਼ ਸ਼ੈਂਕੀ ਉਸਦੀ ਪਤਨੀ ਸੁਖਜੀਤ ਕੌਰ ਸ਼ੇਰੋ ਨੂੰ ਕਾਬੂ ਕੀਤਾ ਗਿਆ। ਉਹਨ੍ਹਾਂ ਪਾਸੋਂ 127 ਗ੍ਰਾਮ ਨਸ਼ੀਲਾ ਪਾਊਡਰ ਤੇ 4870 ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਗਿਆ।
ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ NDPS ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਹੁਣ ਇਹਨਾਂ ਕੋਲੋਂ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾ ਰਹੀ ਹੈ।