ਪੜਚੋਲ ਕਰੋ
ਕੀ ਪੰਥਕ ਮੁੱਦੇ ਹੱਲ ਕਰ ਸਕਣਗੇ ਬਾਦਲ ਪਰਿਵਾਰ ਦੀ ਸਹਿਮਤੀ ਵਾਲੇ ਜਥੇਦਾਰ ?

ਚੰਡੀਗੜ੍ਹ: ਲੰਮੇ ਵਿਵਾਦਾਂ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਖਰ ਆਪਣੀਆਂ ਸੇਵਾਵਾਂ ਤੋਂ ਲਾਂਭੇ ਹੋ ਰਹੇ ਹਨ। ਇਸ ਦੇ ਨਾਲ ਹੀ ਚਰਚਾ ਛਿੜ ਗਈ ਹੈ ਕਿ ਹੁਣ ਅਗਲਾ ਜਥੇਦਾਰ ਕੌਣ ਹੋਏਗਾ। ਮੀਡੀਆ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਬਾਰੇ ਕਿਸੇ ਨੇ ਵੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ। ਉਂਝ ਅਸਲ ਸਵਾਲ ਇਹ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਲਾਂਭੇ ਹੋਣ ਨਾਲ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਿੱਖਾਂ ਦੀ ਵੱਕਾਰੀ ਸੰਸਥਾ ਵਿੱਚ ਸਭ ਕੁਝ ਠੀਕ ਹੋ ਹੋਏਗਾ। ਇਸ ਬਾਰੇ ਨਾਂਹ ਵਿੱਚ ਹੀ ਜਵਾਬ ਮਿਲ ਰਿਹਾ ਹੈ। ਦਰਅਸਲ ਇਹ ਸਭ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ 'ਤੇ ਅਕਾਲੀ ਦਲ (ਬਾਦਲ) ਦਾ ਹੀ ਕਬਜ਼ਾ ਹੈ ਤੇ ਅਕਾਲੀ ਦਲ 'ਤੇ ਪੂਰੀ ਕਮਾਨ ਬਾਦਲ ਪਰਿਵਾਰ ਦੀ ਹੈ। ਇਸ ਲਈ ਜਥੇਦਾਰ ਚਾਹੇ ਕੋਈ ਵੀ ਬਣੇ, ਉਸ ਦੀ ਚੋਣ ਬਾਦਲ ਪਰਿਵਾਰ ਨੇ ਹੀ ਕਰਨੀ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ। ਅਜਿਹੇ ਵਿੱਚ ਬਾਦਲ ਪਰਿਵਾਰ ਕਦੇ ਵੀ ਅਜਿਹੇ ਸ਼ਖ਼ਸ ਨੂੰ ਜਥੇਦਾਰ ਨਹੀਂ ਲਾਉਣਗੇ ਜੋ ਖੁਦਮੁਖਤਿਆਰ ਹੋ ਕੇ ਚੱਲੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਪਹਿਲੀਆਂ ਗਲਤੀਆਂ ਦੁਹਰਾਉਣ ਤੋਂ ਬਚਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਪਰ ਜਥੇਦਾਰ ਦੀ ਚਾਬੀ ਵੀ ਆਪਣੇ ਹੀ ਹੱਥ ਵਿੱਚ ਰੱਖੇਗਾ। ਜੇਕਰ ਇਤਿਹਾਸ ਵਿੱਚ ਨਜ਼ਰ ਮਾਰੀ ਜਾਵੇ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਨੇਕਾਂ ਅਜਿਹੇ ਫੈਸਲੇ ਹੋਏ ਹਨ ਜੋ ਨਿਰੋਲ ਕਿਸੇ ਇੱਕ ਧਿਰ ਦੀ ਸਿਆਸਤ ਤੋਂ ਪ੍ਰੇਰਿਤ ਸਨ। ਇਸ ਨਾਲ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦੇ ਸਤਿਕਾਰ ਨੂੰ ਵੀ ਢਾਅ ਲੱਗੀ ਹੈ। ਇਹ ਪਹਿਲੀ ਵਾਰ ਹੈ ਕੇ ਸੋਸ਼ਲ ਮੀਡੀਆ ਉੱਪਰ ਜਥੇਦਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਈ ਲੋਕਾਂ ਨੇ ਜਥੇਦਾਰ ਵੱਲੋਂ ਜਾਰੀ ਹੁਕਮਨਾਮੇ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਸਭ ਨਾਲ ਪੰਥ ਵਿੱਚ ਦੋਫਾੜ ਪੈਦਾ ਹੁੰਦਾ ਰਿਹਾ ਹੈ। ਪੰਥਕ ਸੂਝ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਕਿਸੇ ਅਜਿਹੇ ਸ਼ਖ਼ਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਇਆ ਜਾਣਾ ਚਾਹੀਦਾ ਹੈ ਜੋ ਨਿਰਪੱਖ ਤੇ ਨਿਧੜ ਹੋ ਕੇ ਪੰਥਕ ਫੈਸਲੇ ਲੈ ਸਕੇ। ਅਜਿਹਾ ਕਰਨ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















