ਜੇ SAD-BJP ਗਠਜੋੜ ਹੋਇਆ ਤਾਂ ਸੁਖਬੀਰ ਬਾਦਲ ਸਾਹਮਣੇ 10 ਵੱਡੀਆਂ ਚੁਣੌਤੀਆਂ, ਬੀਜੇਪੀ ਰੱਖੇਗੀ ਆਪਣੇ ਕੋਲ ਕੰਟਰੋਲ, ਵਜ਼ੀਰੀ ਵੀ ਨਹੀਂ ਹੋ ਸਕਦੀ ਨਸੀਬ !
SAD-BJP Alliance: ਵੈਸੇ ਅਕਾਲੀ ਦਲ-ਬੀਜੇਪੀ ਗਠਜੋੜ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਪਹਿਲਾਂ ਤਾਂ ਭਾਜਪਾ ਸ਼ਾਇਦ ਹੀ ਹੁਣ ਅਕਾਲੀ ਦਲ ਨੂੰ ਕੇਂਦਰ ਵਿੱਚ ਵਜ਼ੀਰੀ ਦੇਵੇ ਕਿਉਂਕਿ ਇਸ
ਪ੍ਰਭਜੋਤ ਕੌਰ ਦੀ ਰਿਪੋਰਟ
ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨੂੰ ਲੈ ਕੇ ਚਰਚਾਵਾਂ ਹਨ ਕਿ ਅਕਾਲੀ ਦਲ ਮੁੜ ਤੋਂ ਬੀਜੇਪੀ ਨਾਲ ਗੱਠਜੋੜ ਕਰਨ ਸਬੰਧੀ ਕੋਈ ਫੈਸਲਾ ਲੈ ਸਕਦਾ ਹੈ। ਜਦੋਂ ਦੇਸ਼ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ ਤਾਂ ਅਕਾਲੀ ਦਲ ਨੇ ਇਨ੍ਹਾਂ ਦਾ ਵਿਰੋਧ ਕਰਦੇ ਹੋਏ ਭਾਜਪਾ ਨਾਲੋਂ ਗਠਜੋੜ ਤੋੜ ਦਿੱਤਾ ਸੀ।
ਸਵਾਲ ਕਈ ਹਨ ਕਿ ਜੇਕਰ ਅਕਾਲੀ ਦਲ ਦਾ ਦੁਬਾਰਾ ਬੀਜੇਪੀ ਨਾਲ ਗਠਜੋੜ ਸਿਰੇ ਚੜ੍ਹ ਜਾਂਦਾ ਹੈ ਤਾਂ ਕੀ ਅਕਾਲੀ ਦਲ ਪਹਿਲਾਂ ਵਾਲਾ ਕੇਂਦਰ ਵਿੱਚ ਸੁਖ ਮਾਣ ਪਾਏਗਾ ਜਾਂ ਫਿਰ ਭਾਜਪਾ ਦੇ ਇਸ਼ਾਰਿਆਂ 'ਤੇ ਹੀ ਚੱਲਣਾ ਪਵੇਗਾ। ਇਸ ਸਬੰਧੀ ਤੁਹਾਡੇ ਸਾਹਮਣੇ ਕੁਝ ਤੱਥਾਂ 'ਤੇ ਅਧਾਰਿਤ ਵਿਸ਼ਲੇਸ਼ਣ ਕਰਨ ਜਾ ਰਹੇ ਹਨ।
ਕੇਂਦਰ 'ਚ ਵਜ਼ੀਰੀ
ਵੈਸੇ ਅਕਾਲੀ ਦਲ-ਬੀਜੇਪੀ ਗਠਜੋੜ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਪਹਿਲਾਂ ਤਾਂ ਭਾਜਪਾ ਸ਼ਾਇਦ ਹੀ ਹੁਣ ਅਕਾਲੀ ਦਲ ਨੂੰ ਕੇਂਦਰ ਵਿੱਚ ਵਜ਼ੀਰੀ ਦੇਵੇ ਕਿਉਂਕਿ ਇਸ ਤੋਂ ਪਹਿਲਾਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ। ਆਪਣੇ ਕਾਰਜਕਾਲ ਵਿੱਚ ਪੰਜਾਬ ਲਈ ਕਈ ਵੱਡੇ ਪ੍ਰੋਜੈਕਟ ਵੀ ਲੈ ਕੇ ਆਏ ਸਨ ਪਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਅੱਗੇ ਅਕਾਲੀ ਦਲ ਨੇ ਇਹ ਵਜ਼ੀਰੀ ਤਿਆਗ ਦਿੱਤੀ ਸੀ। ਕਹਿਣ ਦਾ ਭਾਵ ਹੈ ਕਿ ਅਕਾਲੀ ਦਲ ਨੇ ਇਹ ਆਖ ਕੇ ਵਜ਼ੀਰੀ ਨੂੰ ਠੋਕਰ ਮਾਰੀ ਸੀ ਕਿ ਕਿਸਾਨਾਂ ਦੀ ਸਰਕਾਰ ਨੇ ਗੱਲ ਨਹੀਂ ਸੁਣੀ। ਹੁਣ ਤਾਜ਼ਾ ਹਾਲਾਤ ਵਿੱਚ ਮੁੜ ਵਜ਼ੀਰੀ ਮਿਲਣਾ ਔਖਾ ਹੈ।
ਅਕਾਲੀ ਦਲ ਨੂੰ ਝੁਕਣਾ ਪਵੇਗਾ ?
NDA ਦਾ ਸਭ ਤੋਂ ਪੁਰਾਣਾ ਭਾਈਵਾਲ ਅਕਾਲ ਦਲ ਹੀ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤਿਆਂ ਨੇ ਇਸ ਨੂੰ ਮਜ਼ਬੂਤੀ ਦਿੱਤੀ ਸੀ। ਕਰੀਬ 25 ਸਾਲ ਪੁਰਾਣਾ ਰਿਸ਼ਤਾ 25 ਸਤੰਬਰ 2020 ਨੂੰ ਸੁਖਬੀਰ ਸਿੰਘ ਬਾਦਲ ਨੇ ਚਾਰ ਘੰਟਿਆਂ ਦੀ ਮੀਟਿੰਗ ਕਰਕੇ ਤੋੜ ਦਿੱਤਾ। ਉਦੋਂ ਵੀ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਰਾਤ ਕਰੀਬ 11:30 ਵਜੇ ਤੱਕ ਚੱਲੀ ਸੀ। ਹੁਣ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਦੁਬਾਰਾ ਗਠਜੋੜ ਹੋ ਸਕੇ ਪਰ ਬੀਜੇਪੀ ਪੰਜਾਬ ਦੇ ਲੀਡਰ ਅਕਾਲੀ ਦਲ ਨੂੰ ਆਪਣੇ ਨਾਲ ਜੋੜਨਾ ਨਹੀਂ ਚਾਹੁੰਦੇ। ਅਜਿਹੇ ਵਿੱਚ ਅਕਾਲੀ ਦਲ ਅੱਗੇ ਕਈ ਸ਼ਰਤਾਂ ਰੱਖੀਆਂ ਜਾ ਸਕਦੀਆਂ ਹਨ। ਇਸ ਤੋਂ ਸਾਫ਼ ਹੈ ਕਿ ਅਕਾਲੀ ਦਲ ਨੂੰ ਬੀਜੇਪੀ ਦੀ ਹਰ ਗੱਲ ਮੰਨਣੀ ਪਵੇਗੀ, ਪਰ ਭਾਜਪਾ ਦੇ ਫੈਸਲਿਆਂ 'ਤੇ ਅਕਾਲੀ ਦਲ ਹੁਣ ਸਵਾਲ ਨਹੀਂ ਖੜ੍ਹੇ ਕਰ ਸਕਦਾ।
ਨਵੇਂ ਪ੍ਰਧਾਨ ਨਾਲ ਸਬੰਧ
ਅਕਾਲੀ ਦਲ ਲੀਡਰਸ਼ਿਪ ਪਿਛਲੇ ਸਮਿਆਂ ਦੌਰਾਨ ਲਗਾਤਾਰ ਸੁਨੀਲ ਜਾਖੜ 'ਤੇ ਹਮਲਾਵਰ ਰਹੀ ਹੈ। ਸੁਨੀਲ ਜਾਖੜ ਨੇ ਕਾਂਗਰਸ ਵਿੱਚ ਰਹਿੰਦੇ ਹੋਏ ਤਾਂ ਅਕਾਲੀ ਦਲ 'ਤੇ ਸਵਾਲ ਖੜ੍ਹੇ ਕਰਨੇ ਹੀ ਸਨ, ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਨੂੰ ਟਾਰਗੇਟ ਕਰਦੇ ਰਹੇ ਸਨ। ਅਜਿਹੇ ਵਿੱਚ ਭਾਜਪਾ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨਾਲ ਸਬੰਧਾਂ ਨੂੰ ਵੀ ਸੁਧਾਰਨਾ ਪਵੇਗਾ। ਬਹਿਰਾਲ ਜਦੋਂ ਬੀਜੇਪੀ ਦੀ ਕੌਮੀ ਲੀਡਰਸ਼ਿਪ ਨੇ ਜੋ ਫਰਮਾਨ ਜਾਰੀ ਕਰ ਦਿੱਤੇ ਤਾਂ ਸੁਨੀਲ ਜਾਖੜ ਨੂੰ ਵੀ ਮੰਨਣਾ ਹੀ ਪਵੇਗਾ।
ਟਕਸਾਲੀ ਅਕਾਲੀ ਬਣ ਸਕਦੇ ਸਿਰ ਦਰਦ
ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਸ਼ਾਨ ਹੋ ਕੇ ਕਈ ਟਕਸਾਲੀ ਅਕਾਲੀ ਹੁਣ ਬੀਜੇਪੀ ਦਾ ਹਿੱਸਾ ਬਣੇ ਹੋਏ ਹਨ ਤੇ ਕਈ ਅੰਦਰਖਾਤੇ ਬੀਜੇਪੀ ਦੀ ਸਪੋਟ ਕਰਦੇ ਹਨ। ਟਕਸਾਲੀਆਂ ਵਿੱਚ ਸਭ ਤੋਂ ਅੱਗੇ ਢੀਂਡਸਾ ਪਰਿਵਾਰ ਹੈ। ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਅੱਜ ਬੀਜੇਪੀ ਦਾ ਹਿੱਸਾ ਹਨ। ਹਰ ਮੀਟਿੰਗ ਵਿੱਚ ਵੱਡੇ ਢੀਂਡਸਾ ਬੀਜੇਪੀ ਨੂੰ ਸਲਾਹਾਂ ਦਿੰਦੇ ਆ ਰਹੇ ਹਨ। ਅਕਾਲੀ ਦਲ ਖਿਲਾਫ਼ ਝੰਡਾ ਝੁੱਕਣ ਵਾਲੇ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾਰਾਜ਼ ਹੋ ਕੇ ਵੱਖ ਹੋਏ ਤੇ ਆਪਣੀ ਵੱਖਰੀ ਪਾਰਟੀ ਬਣਾਈ ਸੀ।
ਅਜਿਹੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਲਈ ਸਿਰਦਰਦ ਬਣ ਸਕਦੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਕੱਢੇ ਗਏ ਬੀਬੀ ਜਗੀਰ ਕੌਰ ਵੀ ਸੁਖਬੀਰ ਬਾਦਲ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਆਖ ਚੁੱਕੇ ਹਨ ਕਿ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਬੀਬੀ ਜਗੀਰ ਕੌਰ ਨੂੰ ਭਾਜਪਾ ਨੇ ਚੋਣ ਲੜਨ ਲਈ ਭੇਜਿਆ ਸੀ। ਯਾਨੀ ਬੀਜੇਪੀ ਦੇ ਟੱਚ ਵਿੱਚ ਬੀਬੀ ਜਗੀਰ ਕੌਰ ਵੀ ਹਨ।
ਦਿੱਲੀ 'ਚ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਜੇਕਰ ਗੱਲ ਕਰੀਏ ਤਾਂ ਮਨਜਿੰਦਰ ਸਿੰਘ ਸਿਰਸਾ ਇੱਕ ਵੱਡਾ ਚਿਹਰਾ ਸਨ ਜੋ ਹੁਣ ਬੀਜੇਪੀ ਵਿੱਚ ਆ ਗਏ ਹਨ। ਮਨਜਿੰਦਰ ਸਿੰਘ ਸਿਰਸਾ ਲਗਾਤਾਰ ਪੰਥਕ ਮੁੱਦਿਆਂ 'ਤੇ ਅਕਾਲੀ ਦਲ ਨੁੰ ਘੇਰ ਰਹੇ ਹਨ। ਅਕਾਲੀ ਦਲ ਵੀ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਖੋਰਾ ਲਾਉਣ ਵਾਲੇ ਮਨਜਿੰਦਰ ਸਿੰਘ ਸਿਰਸਾ ਹਨ, ਜਿਨ੍ਹਾਂ ਨੇ ਦਿੱਲੀ ਕਮੇਟੀ ਦੀ ਸਾਰੀ ਕਮਾਨ RSS ਤੇ BJP ਦੇ ਹਵਾਲੇ ਕਰ ਦਿੱਤੀ ਹੈ।
ਪੰਥ ਲਈ ਜਵਾਬਦੇਹੀ
ਬੀਜੇਪੀ 'ਚ ਜਾਣ ਤੋਂ ਪਹਿਲਾਂ ਅਕਾਲੀ ਦਲ ਨੂੰ ਪੰਥਕ ਹਲਕਿਆਂ ਨੂੰ ਜਵਾਬ ਦੇਣਾ ਪਵੇਗਾ ਕਿਉਂਕਿ ਕਈ ਸਿੱਖ ਜਥੇਬੰਦੀਆਂ ਲਾਗਤਾਰ ਇਹ ਦਾਅਵਾ ਕਰ ਰਹੀਆਂ ਹਨ ਕਿ ਬੀਜੇਪੀ ਦੀ ਕੇਂਦਰ ਸਰਕਾਰ ਘੱਟ ਗਿਣਤੀਆਂ ਖਿਲਾਫ਼ ਫੈਸਲੇ ਲੈ ਰਹੀਆਂ ਹਨ ਤੇ ਸੂਬੇ ਦੇ ਅਧਿਕਾਰਾਂ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਪੰਜਾਬ ਦੇ ਵੀ ਕਈ ਮਸਲੇ ਹਨ। ਸਿੱਟਕੋ ਵਿੱਚ ਕੇਂਦਰ ਦੇ ਅਫ਼ਸਰ ਦੀ ਨਿਯੁਕਤ, ਬੀਬੀਐਮਬੀ ਵਿੱਚੋਂ ਪੰਜਾਬ ਦੀ ਖੁਦ ਮੁਖਤਿਆਰੀ ਖ਼ਤਮ ਕਰਨਾ, ਪੀਯੂ ਵਿੱਚ ਕੇਂਦਰ ਦੀ ਦਖਲ ਸਮੇਤ ਪੰਜਾਬ ਦੇ ਪਾਣੀਆਂ 'ਤੇ ਡਾਕੇ ਅਜਿਹੇ ਮੁੱਦੇ ਹਨ ਜੋ ਪੰਜਾਬ, ਪੰਥ ਹਿਤੈਸ਼ੀਆਂ ਲਈ ਚੁਣੌਤੀ ਬਣਿਆ ਹੋਇਆ ਹੈ। ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਮੁੱਦੇ ਚੁੱਕਣ ਵਾਲੀ ਪਾਰਟੀ ਵਜੋਂ ਵਿਚਾਰਦਾ ਹੈ। ਇਸੇ ਲਈ ਪੰਥ ਲਈ ਆਕਲੀ ਦਲ ਦੀ ਜਵਾਬਦੇਹੀ ਜ਼ਰੂਰ ਬਣੇਗੀ।
ਯੂਨੀਫਾਰਮ ਸਿਵਲ ਕੋਡ 'ਤੇ ਦੱਸਣਾ ਪਵੇਗਾ ਸਟੈਂਡ
ਅਕਾਲੀ ਦਲ ਨੂੰ ਹੁਣ ਯੂਨੀਫਾਰਮ ਸਿਵਲ ਕੋਡ 'ਤੇ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਪਵੇਗਾ ਕਿਉਂਕਿ ਬੀਜੇਪੀ ਦੇ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇੱਥੋਂ ਤੱਕ ਕਿ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਕਹਿ ਚੁੱਕੇ ਹਨ ਕਿ , “ਖ਼ਾਲਸੇ ਦੀ ਹਸਤੀ ਆਜ਼ਾਦ ਹੈ। ਇਸ ਉਪਰ ਕੋਈ ਕੋਡ ਲਾਗੂ ਨਹੀਂ ਹੁੰਦਾ ਤੇ ਖ਼ਾਲਸੇ ਦਾ ਆਪਣਾ ਕੋਡ ਹੈ, ਜੋ ਗੁਰੂ ਸਾਹਿਬ ਨੇ ਬਖਸ਼ਿਆ ਹੈ। ਯੂਸੀਸੀ ਬਾਰੇ ਮੈਂ ਸਮਝਦਾ ਕਿ ਇੱਥੇ ਵੱਖ-ਵੱਖ ਸਟੇਟਾਂ ਹਨ ਤੇ ਉਨ੍ਹਾਂ ਦਾ ਆਪਣਾ ਸੱਭਿਆਚਾਰ ਹੈ।” ਅਜਿਹੇ 'ਚ ਅਕਾਲੀ ਦਲ ਕੀ ਸ਼੍ਰੋਮਣੀ ਕਮੇਟੀ ਤੋਂ ਵੱਖਰਾ ਸਟੈਂਡ ਰੱਖੇਗੀ ਜਾਂ ਫਿਰ SGPC ਨੂੰ ਹੀ ਆਪਣਾ ਸਟੈਂਡ ਬਦਲਣਾ ਪਵੇਗਾ।
ਕਿਸਾਨ ਜਥੇਬੰਦੀਆਂ ਤੋਂ ਵੀ ਰਹੇਗਾ ਡਰ
ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਵਿਰੋਧ ਤੋਂ ਬਚਣਾ ਪਵੇਗਾ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਜੋ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਨੇ ਭੂਮਿਕਾ ਨਿਭਾਈ ਸੀ, ਉਸ ਤੋਂ ਸਾਫ਼ ਜਾਹਰ ਹੈ ਕਿ ਹਾਲੇ ਤੱਕ ਵੀ ਪੰਜਾਬ ਦੇ ਕਿਸਾਨ ਕੇਂਦਰ ਤੋਂ ਖਫ਼ਾ ਹਨ। ਕਿਸਾਨਾਂ ਨੁੰ ਡਰ ਹੈ ਕਿ ਤਿੰਨ ਖੇਤੀ ਕਾਨੁੰਨਾਂ ਵਾਂਗ ਕੇਂਦਰ ਦੀ ਮੋਦੀ ਸਰਕਾਰ ਕਦੇ ਵੀ ਕੋਈ ਅਜਿਹਾ ਕਿਸਾਨ ਮਾਰੂ ਕਾਨੂੰਨ ਲਿਆ ਸਕਦੀ ਹੈ। ਅਕਾਲੀ ਦਲ ਨੇ ਵੀ ਤਾਂ ਗਠਜੋੜ ਇਹਨਾਂ ਕਾਰਨਾਂ ਕਰਕੇ ਹੀ ਤੋੜਿਆ ਸੀ। ਫਿਰ ਕਿਸਾਨਾਂ ਨੂੰ ਲਾਂਭੇ ਕਰਕੇ ਕਿਵੇਂ ਗਠਜੋੜ ਕੀਤਾ ਜਾ ਸਕਦਾ ਹੈ।
ਗਠਜੋੜ ਟੁੱਟਣ ਤੋਂ ਬਾਅਦ SAD-BJP ਦੀ ਸਥਿਤੀ
25 ਸਤੰਬਰ 2020 ਵਿੱਚ ਅਕਾਲੀ ਦਲ ਦਾ ਗਠਜੋੜ ਟੁੱਟਿਆ ਸੀ। ਢਾਈ ਸਾਲ ਬੀਤ ਚੁੱਕੇ ਹਨ, ਪਰ ਪੰਜਾਬ ਵਿੱਚ ਅਕਾਲੀ ਦਲ ਕਮਜ਼ੋਰ ਹੋਈ ਹੈ ਤੇ ਬੀਜੇਪੀ ਪੰਜਾਬ ਵਿੱਚ ਮਜ਼ਬੂਤ ਹੋਈ ਹੈ। ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਨੇ ਆਪਣੇ ਦਮ 'ਤੇ ਲੜੀਆਂ ਤੇ 2 ਵਿਧਾਇਕ ਬਣੇ, ਇੱਕ ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਤੇ ਦੂਸਰੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ। ਬੀਜੇਪੀ ਨੇ ਇਸ ਨੂੰ ਆਪਣੀ ਮਜ਼ਬੂਤੀ ਸਾਬਤ ਕੀਤਾ ਸੀ ਪਰ ਅਕਾਲੀ ਦਲ ਤਾਂ ਹਾਸ਼ੀਏ 'ਤੇ ਜਾ ਡਿੱਗਿਆ ਹੈ। ਅਕਾਲੀ ਦਲ ਦੇ ਸਿਰਫ਼ 3 ਹੀ ਵਿਧਾਇਕ ਹਨ। ਇੱਕ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਦੂਸਰਾ ਬੰਗਾ ਤੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਤੀਸਰੀ ਵਿਧਾਇਕ ਮਜੀਠਾ ਤੋਂ ਗਨੀਵ ਕੌਰ ਜੋ ਬਿਕਰਮ ਮਜੀਠੀਆ ਦੀ ਪਤਨੀ ਹੈ।
ਜਲੰਧਰ ਤੇ ਸੰਗਰੂਰ ਜ਼ਿਮਨੀ ਚੋਣ
ਗਠਜੋੜ ਟੁੱਟਣ ਤੋਂ ਬਾਅਦ ਜਲੰਧਰ ਤੇ ਸੰਗਰੂਰ ਦੀਆਂ ਜ਼ਿਮਨੀ ਚੋਣ ਅਕਾਲੀ ਬੀਜੇਪੀ ਨੇ ਵੱਖ ਵੱਖ ਹੋ ਕੇ ਲੜੀਆਂ, ਸੰਗਰੂਰ ਵਿੱਚ ਅਕਾਲੀ ਦਲ ਦਾ ਮਾੜਾ ਹਾਲ ਦੇਖਣ ਨੂੰ ਮਿਲਿਆ, ਪਹਿਲੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਹੀ ਦੂਸਰੇ 'ਤੇ ਆਮ ਆਦਮੀ ਪਾਰਟੀ ਤੀਸਰੇ 'ਤੇ ਕਾਂਗਰਸ ਅਤੇ ਚੌਥੇ 'ਤੇ ਭਾਜਪਾ ਰਹੀ ਸੀ। ਅਕਾਲੀ ਦਲ ਸਭ ਤੋਂ ਫਾਡੀ ਰਹੀ। ਜਲੰਧਰ ਵਿੱਚ ਵੀ ਬੀਜੇਪੀ ਨੇ ਅਕਾਲੀ ਦਲ ਨੂੰ ਟੱਕਰ ਦਿੱਤੀ। ਹਲਾਂਕਿ ਇਸ ਵਿੱਚ ਅਕਾਲੀ ਦਲ ਭਾਜਪਾ ਤੋਂ ਅੱਗੇ ਰਿਹਾ ਪਰ ਵੋਟਾਂ ਦਾ ਅੰਤਰ ਬਹੁਤ ਘੱਟ ਸੀ।