Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
ਪੰਜਾਬ ਦੀ ਨਵੀਂ ਸਿਆਸੀ ਜਮਾਤ ਹੋਂਦ ਵਿੱਚ ਆਈ ਜਿਸ ਦਾ ਨਾਂਅ ਅਕਾਲੀ ਦਲ (ਵਾਰਿਸ ਪੰਜਾਬ ਦੇ) ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਨਵੀਂ ਧਿਰ ਨੂੰ ਹੀ ਨਿਸ਼ਾਨਾ ਬਣਾਇਆ ਹੈ।
Punjab News: ਪੰਜਾਬ ਦੀ ਸਿਆਸਤ ਉੱਤੇ ਅੱਜ ਪੰਜਾਬੀਆਂ ਤੋਂ ਇਲਾਵਾ ਦੇਸ਼ ਦੀ ਰਾਜਨੀਤੀ ਦੀ ਸਮੀਖਿਆ ਕਰਨ ਵਾਲੇ ਲੋਕਾਂ ਨੇ ਵੀ ਪੈਨੀ ਨਜ਼ਰ ਰੱਖੀ ਹੋਈ ਸੀ। ਇਸ ਦੌਰਾਨ ਪੰਜਾਬ ਦੀ ਨਵੀਂ ਸਿਆਸੀ ਜਮਾਤ ਹੋਂਦ ਵਿੱਚ ਆਈ ਜਿਸ ਦਾ ਨਾਂਅ ਅਕਾਲੀ ਦਲ (ਵਾਰਿਸ ਪੰਜਾਬ ਦੇ) ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਨਵੀਂ ਧਿਰ ਨੂੰ ਹੀ ਨਿਸ਼ਾਨਾ ਬਣਾਇਆ ਹੈ।
ਜ਼ਿਕਰ ਕਰ ਦਈਏ ਕਿ ਮਾਘੀ ਮੇਲੇ ਦੀ ਕਾਨਫਰੰਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ। ਸਟੇਜ ਤੋਂ ਜੈਕਾਰਿਆਂ ਦੀ ਗੂੰਜ ਹੇਠ ਪਾਰਟੀ ਦਾ ਨਾਂਅ ਅਕਾਲੀ ਦਲ (ਵਾਰਿਸ ਪੰਜਾਬ ਦੇ ) ਰੱਖਿਆ ਗਿਆ ਹੈ ਜਿਸ ਦਾ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ NSA ਲਾਇਆ ਗਿਆ ਹੈ। ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹਨ, ਇਸ ਲਈ ਪਾਰਟੀ ਨੂੰ ਚਲਾਉਣ ਲਈ ਇੱਕ ਕਮੇਟੀ ਬਣਾਈ ਗਈ ਹੈ।
ਇਸ ਪਾਰਟੀ ਨੇ ਆਗੂਆਂ ਵੱਲੋਂ 15 ਮਤੇ ਪੇਸ਼ ਕੀਤੇ ਗਏ ਹਨ ਜੋ ਕਿ ਸਾਰੇ ਪੰਜਾਬ ਤੇ ਪੰਥ ਦੇ ਹੱਕਾਂ ਦੀ ਗੱਲਾਂ ਕਰਕੇ ਹਨ, ਉਹ ਭਾਵੇਂ ਪੰਜਾਬ ਪੰਜਾਬੀਆਂ ਦਾ, ਦੀ ਗੱਲ ਹੋਵੇ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਪੰਜਾਬ ਦੀ ਮਰ ਰਹੀ ਕਿਸਾਨੀ ਜਾਂ ਫਿਰ ਨਸ਼ਾ ਤੇ ਪਰਵਾਸ ਰੋਕਣ ਦੀ ਗੱਲ ਹੋਵੇ ਜਾਂ ਫਿਰ ਅਨੰਦਪੁਰ ਵਾਪਸੀ ਦੀ ਗੱਲ ਹੋਵੇ। ਇਸ ਮੌਕੇ ਆਗੂਆਂ ਵੱਲੋਂ ਭਵਿੱਖ ਨੂੰ ਲੈ ਕੇ ਟੀਚੇ ਨਿਰਧਾਰਿਤ ਕੀਤੇ ਗਏ ਹਨ ਤਾਂ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦੇ ਹਿਸਾਬ ਨਾਲ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਦੂਜੇ ਪਾਸੇ ਜੇ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਆਪਣੇ ਆਪ ਨੂੰ ਪੰਥਕ ਧਿਰ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਸਟੇਜ ਉੱਤੋਂ ਇਸ ਧਿਰ ਨੂੰ ਨਿਸ਼ਾਨਾ ਬਣਾਇਆ ਤੇ ਲਗਾਤਾਰ ਕਿਹਾ ਕਿ ਏਜੰਸੀਆਂ ਦੀ ਮਦਦ ਨਾਲ ਬਾਦਲ ਪਰਿਵਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਨਵੀਂ ਦੁਕਾਨ ਖੋਲ੍ਹ ਕੇ ਮੁੰਡੇ ਮਰਵਾਉਣ ਲਈ ਆਏ ਹਨ।
ਇਸ ਤੋਂ ਇਲਾਵਾ ਭਵਿੱਖੀ ਏਜੰਡੇ, ਚੁਣੌਤੀਆਂ ਜਾਂ ਕਿਰਸਾਨੀ ਦਾ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਮਨਫੀ ਜਾਪੀ ਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਕੰਮਾਂ ਦਾ ਗੁਣਗਾਣ ਕਰਨ ਉੱਤੇ ਜ਼ਿਆਦਾ ਸਮਾਂ ਬਤੀਤ ਕੀਤਾ। ਬਾਦਲ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਨੇ ਮੋਟਰਾਂ ਨੇ ਦਿੱਤੀਆਂ, ਬਿਜਲੀ ਆਮ ਕੀਤੀ, ਪੰਥ ਲਈ ਕੰਮ ਕੀਤਾ, ਪੰਜਾਬੀ ਸੂਬੇ ਲਈ ਲੜਾਈਆਂ ਲੜੀਆਂ ਜੋ ਕਿ ਕਿਸੇ ਹੱਦ ਤੱਕ ਸਹੀ ਵੀ ਹਨ ਪਰ ਹੁਣ ਪੰਜਾਬ ਨੂੰ ਭਵਿੱਖ ਵਿੱਚ ਕੀ ਚੁਣੌਤੀਆਂ ਹਨ ਇਸ ਉੱਤੇ ਕੋਈ ਜ਼ਿਆਦਾ ਜ਼ੋਰ ਨਹੀਂ ਦਿੱਤਾ ਹੈ। ਸੁਖਬੀਰ ਬਾਦਲ ਨੇ ਤਾਂ ਸਭ ਤੋਂ ਵੱਡੀ ਚੁਣੌਤੀ ਨਹੀਂ ਸਿਆਸੀ ਪਾਰਟੀ ਨੂੰ ਹੀ ਕਰਾਰ ਦਿੱਤਾ ਹੈ।
ਇਸ ਸਭ ਦੇ ਵਿਚਾਲੇ ਸਭ ਤੋਂ ਵੱਡਾ ਝਟਕਾ ਕਈ ਦਹਾਕਿਆਂ ਤੋਂ ਪੰਥ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੱਗੇਗਾ। ਇਸ ਦੀ ਸਪਸ਼ਟ ਮਿਸਾਲ ਅੱਜ ਹੀ ਵੇਖਣ ਨੂੰ ਮਿਲ ਗਈ। ਅੱਜ ਮਾਘੀ ਮੇਲੇ ਮੌਕੇ ਤਿੰਨ ਪੰਥਕ ਧਿਰਾਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣਾ ਬਚਾਅ ਕਰਦਿਆਂ ਪਾਰਟੀ ਅੰਦਰ ਬਾਗੀ ਸੁਰਾਂ ਉਭਾਰਣ ਵਾਲਿਆਂ ਨੂੰ ਕੋਸਿਆ। ਉਨ੍ਹਾਂ ਨੇ ਦੂਜੀਆਂ ਪੰਥਕ ਧਿਰਾਂ ਉਪਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਵੀ ਲਾਏ। ਦੂਜੇ ਪਾਸੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਕੇਂਦਰ ਨੂੰ ਨਿਸ਼ਾਨਾ ਬਣਾਇਆ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵੇਲੇ ਸਮੇਂ ਅੰਦਰ ਪੰਥਕ ਸਿਆਸਤ ਪੰਜਾਬ ਦੇ ਮੁੱਦਿਆਂ ਉਪਰ ਕੇਂਦਰ ਦੇ ਸਟੈਂਡ 'ਤੇ ਕੇਂਦਰਿਤ ਹੋਏਗੀ। ਇਸ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਹੋਰ ਪੰਥਕ ਧਿਰਾਂ ਦੀ ਹਮਾਇਤ ਮਿਲ ਸਕਦੀ ਹੈ। ਦੂਜੇ ਪਾਸੇ ਕੇਂਦਰ ਪ੍ਰਤੀ ਨਰਮ ਰੁਖ਼ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਲੱਗ-ਥਲੱਗ ਪੈ ਸਕਦਾ ਹੈ। ਜੇਕਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਸਹੀ ਦਿਸ਼ਾ ਵਿੱਚ ਅੱਗੇ ਵਧਦੀ ਹੈ ਤਾਂ ਅਕਾਲੀ ਦਲ (ਅੰਮ੍ਰਿਤਸਰ) ਸਣੇ ਹੋਰ ਪੰਥਕ ਧਿਰਾਂ ਇੱਕਜੁੱਟ ਹੋ ਸਕਦੀਆਂ ਹਨ ਹਨ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਸਾਥੀ ਲੱਭਣੇ ਮੁਸ਼ਕਲ ਹੋਣਗੇ।
ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸਿਆਸੀ ਪਾਰਟੀ ਬਣਾਉਣਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਸਭ ਤੋਂ ਵੱਡੀ ਚੁਣੌਤੀ ਹੈ। ਅਕਾਲੀ ਦਲ ਹੁਣ ਤੱਕ ਪੰਥ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ ਪਰ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇ ਮੁੱਦੇ 'ਤੇ ਅਕਾਲੀ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗਿਆ ਹੈ। ਪੰਥਕ ਵੋਟ ਬੈਂਕ ਅਕਾਲੀ ਦਲ ਤੋਂ ਦੂਰ ਹੋ ਗਿਆ ਹੈ। ਇਹ ਪੰਥਕ ਵੋਟ ਬੈਂਕ ਨਵੇਂ ਬਦਲ ਦੀ ਤਲਾਸ਼ ਵਿੱਚ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਪੰਜਾਬ ਦੀ ਰਾਜਨੀਤੀ 'ਤੇ ਪ੍ਰਭਾਵ ਤਾਂ ਜ਼ਰੂਰ ਪਵੇਗਾ। ਪੰਥਕ ਵੋਟਰਾਂ ਨੇ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਆਜ਼ਾਦ ਚੋਣਾਂ ਜਿਤਵਾਈਆਂ ਹਨ, ਉਨ੍ਹਾਂ ਦੀ ਪਾਰਟੀ ਦੇ ਗਠਨ ਤੋਂ ਬਾਅਦ ਸਿੱਖ ਵੋਟ ਬੈਂਕ ਦਾ ਉਨ੍ਹਾਂ ਵੱਲ ਝੁਕਾਅ ਵਧ ਸਕਦਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਨੁਕਸਾਨ ਹੋਵੇਗਾ। ਉਂਝ, ਇਹ ਸਭ ਇੰਨਾ ਸੌਖਾ ਨਹੀਂ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਿੱਖ ਪਾਰਟੀਆਂ ਬਣੀਆਂ ਪਰ ਉਹ ਸਫਲ ਨਹੀਂ ਹੋ ਸਕੀਆਂ।