ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ! ਜੇ ਵਜੂਦ ਬਚਾਉਣਾ ਤਾਂ ਸੱਤਾ ਪ੍ਰਾਪਤੀ ਦੀ ਥਾਂ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰੋ: ਜਥੇਦਾਰ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇੱਕ ਪਾਸੇ ਰੱਖ ਕੇ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ
ਅੰਮ੍ਰਿਤਸਰ: ਚੋਣਾਂ ਵਿੱਚ ਲਗਾਤਾਰ ਹਾਰਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ ਆਇਆ ਹੋਇਆ ਹੈ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇੱਕ ਪਾਸੇ ਰੱਖ ਕੇ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ।
ਸਾਲ 1922 ਵਿੱਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸੋਮਵਾਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਵਿਖੇ ਮੁੱਖ ਸਮਾਗਮ ਕਰਵਾਇਆ ਗਿਆ। ਜਥੇਦਾਰ ਹਰਪ੍ਰੀਤ ਸਿੰਘ ਨੇ ਮੰਚ ’ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਵੱਲ ਸੰਕੇਤ ਕਰਦਿਆਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਆਪਣਾ ਧਿਆਨ ਕੇਂਦਰਿਤ ਕਰਨ।
ਜਥੇਦਾਰ ਨੇ ਨਸੀਹਤ ਦਿੱਤੀ ਕਿ ਉਹ ਸਿਰਫ ਸੱਤਾ ਪ੍ਰਾਪਤੀ ਆਪਣਾ ਨਿਸ਼ਾਨਾ ਨਾ ਰੱਖਣ ਸਗੋਂ ਇਸ ਨਿਸ਼ਾਨੇ ਨੂੰ ਤਿਆਗ ਕੇ ਗੁਰੂ ਗ੍ਰੰਥ ਤੇ ਪੰਥ ਦਾ ਝੰਡਾ ਚੁੱਕਣ। ਉਹ ਉਨ੍ਹਾਂ ਨੂੰ ਚੋਣਾਂ ਲੜਨ ਤੋਂ ਨਹੀਂ ਰੋਕ ਰਹੇ ਪਰ ਅਕਾਲੀਆਂ ਦਾ ਮੁੱਖ ਮੰਤਵ ਸਰਕਾਰ ਬਣਾਉਣਾ ਨਾ ਹੋ ਕੇ ਗੁਰਧਾਮਾਂ ਦੀ ਸੇਵਾ, ਪੰਥ ਦਾ ਪ੍ਰਚਾਰ ਤੇ ਕੌਮ ਨੂੰ ਗੁਰੂ ਘਰ ਦੇ ਨਾਲ ਜੋੜਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :