(Source: Poll of Polls)
ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬੀ ਸਿਪਾਹੀ 'ਤੇ ਕੀਤਾ ਗਿਆ ਅਣਮਨੁੱਖੀ ਤਸ਼ੱਦਦ, ਮਾਪਿਆਂ ਨੇ ਲਾਈ ਇਨਸਾਫ ਦੀ ਗੁਹਾਰ
ਤਸ਼ੱਦਦ ਦੀਆਂ ਫੋਟੋਆਂ ਬਾਰੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਫ਼ੌਜ ਵਿੱਚ ਭਰਤੀ ਹੋਇਆ ਸੀ, ਪਰ ਦਿੱਲੀ 6 ਸਿੱਖ ਰੈਜੀਮੈਂਟ ਵਿੱਚ ਆਉਣ ਤੋਂ ਬਾਅਦ ਉੱਥੇ ਦੇ ਸੀਓ ਅਤੇ ਹੋਰ ਅਧਿਕਾਰੀਆਂ ਨੇ ਉਸ ਨੂੰ ਪ੍ਰੇਸ਼ਾਨ ਕੀਤਾ।
ਸੰਗਰੂਰ: ਭਾਰਤੀ ਫ਼ੌਜ ਦੀ 6 ਸਿੱਖ ਰੈਜੀਮੈਂਟ ਦਿੱਲੀ ਵਿੱਚ ਬਤੌਰ ਸਿਪਾਹੀ ਦੇਸ਼ ਦੀ ਸੇਵਾ ਨਿਭਾ ਰਹੇ ਨਜ਼ਦੀਕੀ ਪਿੰਡ ਗੋਬਿੰਦਗਡ਼੍ਹ ਜੇਜੀਆਂ ਦੇ 24 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੇ ਮਾਪਿਆਂ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਨਾਲ ਨਾਲ ਕਾਮਰੇਡ ਰੋਹੀ ਸਿੰਘ ਨੇ ਫੌਜ ਦੇ ਉੱਚ ਅਧਿਕਾਰੀਆਂ ਉਪਰ ਕੁਲਵਿੰਦਰ ਸਿੰਘ ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਇਲਜ਼ਾਮ ਲਾਉਂਦਿਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ,ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਪੱਤਰ ਭੇਜ ਕੇ ਦੋਸ਼ੀ ਫੌਜੀ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਫੌਜੀ ਦੇ ਪਿਤਾ ਜਗਤਾਰ ਸਿੰਘ ਅਤੇ ਕਾਮਰੇਡ ਰੋਹੀ ਸਿੰਘ ਨੇ ਕੁਲਵਿੰਦਰ ਸਿੰਘ 'ਤੇ ਹੋਏ ਤਸ਼ੱਦਦ ਦੀਆਂ ਫੋਟੋਆਂ ਦਿਖਾਉਂਦਿਆਂ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਫ਼ੌਜ ਵਿੱਚ ਭਰਤੀ ਹੋਇਆ ਸੀ, ਪਰ ਦਿੱਲੀ 6 ਸਿੱਖ ਰੈਜੀਮੈਂਟ ਵਿੱਚ ਆਉਣ ਤੋਂ ਬਾਅਦ ਉੱਥੇ ਦੇ ਸੀਓ ਅਤੇ ਹੋਰ ਅਧਿਕਾਰੀਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਿਆ। ਜਿਸ ਦੇ ਚਲਦੇ ਉਹ ਪਿੰਡ ਵਾਪਸ ਆ ਗਿਆ, ਪਰ ਉਸ ਨੂੰ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਵਾਪਸ ਡਿਊਟੀ 'ਤੇ ਭੇਜ ਦਿੱਤਾ। ਜਿੱਥੇ ਕਿ ਉਸ ਨੂੰ 28 ਦਿਨਾਂ ਦੀ ਜੇਲ੍ਹ ਅਤੇ ਉਸ ਦੀ ਚੌਦਾਂ ਦਿਨ ਦੀ ਤਨਖਾਹ ਕੱਟੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਬਾਵਜੂਦ ਉਸ ਦੇ ਅਧਿਕਾਰੀਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ ਇੱਕ ਜੁਲਾਈ 2021 ਨੂੰ ਕੁਲਵਿੰਦਰ ਸਿੰਘ ਦੇ ਹੱਥਕੜੀ ਲਗਾ ਕੇ ਦਰੱਖਤ ਨਾਲ ਬੰਨ੍ਹ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਜਦੋਂ ਤੱਕ ਕੁਲਵਿੰਦਰ ਸਿੰਘ ਬੇਹੋਸ਼ ਨਹੀਂ ਹੋਇਆ ਉਸ ਨਾਲ ਕੁੱਟਮਾਰ ਹੁੰਦੀ ਰਹੀ ਅਤੇ ਗੰਭੀਰ ਹਾਲਤ ਵਿਚ ਲਹੂ ਲੁਹਾਣ ਉਸ ਨੂੰ ਦਿੱਲੀ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹੁਣ ਉਹ ਜ਼ੇਰੇ ਇਲਾਜ ਹੈ ਇਸ ਦਾ ਪਤਾ ਚੱਲਣ 'ਤੇ ਜਦੋਂ ਉਹ ਦਿੱਲੀ ਮਿਲਣ ਗਏ ਤਾਂ ਸੀਓ ਨੇ ਧਮਕੀ ਦਿੰਦੇ ਕਿਹਾ ਕਿ ਸ਼ੁਕਰ ਹੈ ਤੁਹਾਡਾ ਲੜਕੇ ਦੀ ਜਾਨ ਬਚ ਗਈ, ਨਹੀਂ ਤਾਂ ਇਸ ਨੂੰ ਅਸੀਂ ਮਾਰ ਕੇ ਦਫਨਾ ਦੇਣਾ ਸੀ।
ਹਸਪਤਾਲ ਵਿੱਚ ਅੱਤਿਆਚਾਰ ਦਾ ਸ਼ਿਕਾਰ ਹੋਏ ਕੁਲਵਿੰਦਰ ਸਿੰਘ ਨਾਲ ਮਿਲਾਇਆ ਗਿਆ ਤਾਂ ਉਸ ਨੇ ਆਪਣੇ ਨਾਲ ਹੋਏ ਅੱਤਿਆਚਾਰ ਦੀ ਸਾਰੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਸੈਨਾ ਪੁਲਿਸ ਤੇ ਸਿਵਲ ਪੁਲੀਸ ਕੈਂਟ ਵਿੱਚ ਬਿਆਨ ਦਰਜ ਹੋ ਚੁੱਕੇ ਹਨ। ਪਰ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਹੋ ਰਹੀ। ਕੁਲਵਿੰਦਰ ਸਿੰਘ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਕਤ ਮਾਮਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੇਰੇ ਬੇਟੇ ਦੀ ਬਦਲੀ ਕਿਸੇ ਹੋਰ ਯੂਨਿਟ ਵਿੱਚ ਕਰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਬੇਟਾ ਦੇਸ਼ ਦੀ ਸੇਵਾ ਕਰਨ ਲਈ ਭਰਤੀ ਹੋਇਆ ਸੀ, ਪਰ ਕੁਝ ਅਧਿਕਾਰੀਆਂ ਵੱਲੋਂ ਉਸ ਨੂੰ ਇੰਨਾ ਤੰਗ ਪ੍ਰੇਸ਼ਾਨ ਕਰਦਿਆਂ ਉਸ ਉੱਪਰ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਫੋਟੋਆਂ ਮੇਰੇ ਬੇਟੇ ਉਪਰ ਤਸ਼ੱਦਦ ਦੀਆਂ ਵਾਇਰਲ ਹੋਈਆਂ ਹਨ। ਉਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਹੋਰਨਾਂ ਸਿਪਾਹੀਆਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਫੌਜ ਵਿੱਚ ਭਰਤੀ ਹੋਣ ਵਾਲੇ ਪੰਜਾਬੀ ਨੌਜਵਾਨਾਂ ਉੱਪਰ ਇਹੀ ਤਸ਼ੱਦਦ ਹੁੰਦਾ ਰਹੇਗਾ ਤਾਂ ਫਿਰ ਫੌਜ ਵਿਚ ਭਰਤੀ ਹੋਵੇਗਾ ਕੌਣ? ਇਸ ਲਈ ਭਾਰਤ ਸਰਕਾਰ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਚਾਹੀਦੀ ਹੈ।
ਇਹ ਵੀ ਪੜ੍ਹੋ: Black Widow Box Office Collection:ਹਾਲੀਵੁੱਡ ਫਿਲਮ 'ਬਲੈਕ ਵਿਡੋ' ਨੇ ਆਪਣੀ ਰਿਲੀਜ਼ ਨਾਲ ਕੀਤੀ ਤਾਬੜਤੋੜ ਕਮਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904