Punjab News: ਪਿਤਾ ਦੇ ਅੰਤਿਮ ਸਸਕਾਰ 'ਚ ਪਹੁੰਚਿਆ ਜਗਦੀਸ਼ ਭੋਲਾ, ਕਿਹਾ- ਸਾਰੀਆਂ ਸਿਆਸੀ ਪਾਰਟੀਆਂ ਨੇ ਮੈਨੂੰ ਫਸਾਇਆ, ਜੇ ਮੈਂ ਗ਼ਲਤ ਤਾਂ ਫਾਹੇ ਲਾ ਦਿਓ
ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਭੋਲਾ ਨੇ ਕਿਹਾ ਮੈਨੂੰ ਸਿਆਸੀ ਪਾਰਟੀਆਂ ਨੇ ਮਿਲ ਕੇ ਫਸਾਇਆ ਹੋਇਆ ਹੈ। ਮੈਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ, ਜੇ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਹੇ ਲਾ ਦਿੱਤਾ ਜਾਵੇ
Punjab News: ਸਾਬਕਾ ਡੀਐਸਪੀ ਤੇ ਨਸ਼ਾ ਤਸਕਰ ਜਗਦੀਸ਼ ਭੋਲਾ ਦੇ ਪਿਤਾ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਭੋਲਾ ਨੂੰ ਪੈਰੋਲ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
ਜੇ ਮੈਂ ਗ਼ਲਤ ਤਾਂ ਮੈਨੂੰ ਫਾਹੇ ਲਾ ਦਿਓ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਭੋਲਾ ਨੇ ਕਿਹਾ ਮੈਨੂੰ ਸਿਆਸੀ ਪਾਰਟੀਆਂ ਨੇ ਮਿਲ ਕੇ ਫਸਾਇਆ ਹੋਇਆ ਹੈ। ਮੈਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ, ਜੇ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਹੇ ਲਾ ਦਿੱਤਾ ਜਾਵੇ।
ਮਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਜ਼ਿਕਰ ਕਰ ਦਈਏ ਕਿ ਜਗਦੀਸ਼ ਭੋਲਾ ਦੇ ਪਿਤਾ ਦਾ ਨਾਂਅ ਬਲਸ਼ਿੰਦਰ ਸਿੰਘ ਸੀ ਤੇ ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸੀ ਜਿਸ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਰਾਏਕੇ ਕਲਾਂ ਵਿੱਚ ਕੀਤਾ ਜਾਵੇਗਾ। ਜਿੱਥੇ ਕੁਝ ਸਮੇਂ ਲਈ ਪੈਰੋਲ ਮਿਲਣ ਤੋਂ ਬਾਅਦ ਜਗਦੀਸ਼ ਭੋਲਾ ਵੀ ਪਹੁੰਚੇ। ਦੱਸ ਦਈਏ ਕਿ ਜਗਦੀਸ਼ ਭੋਲੇ ਦੀ ਮਾਤਾ ਦਾ ਵੀ ਕਰੀਬ ਇੱਕ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।
ਕੌਣ ਹੈ ਜਗਦੀਸ਼ ਭੋਲਾ ?
ਜਾਣਕਾਰੀ ਮੁਤਾਬਕ, ਭੋਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੁਸ਼ਤੀ ਨਾਲ ਕੀਤੀ ਸੀ। ਹੌਲੀ-ਹੌਲੀ ਉਸ ਨੇ ਕੁਸ਼ਤੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ। ਉਹ ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣ ਗਿਆ। ਉਸਨੇ ਭਾਰਤ ਕੇਸਰੀ, ਭਾਰਤ ਮਲ ਸਮਰਾਟ, ਰੁਸਤਮੇ ਹਿੰਦ, ਹਿੰਦ ਕੇਸਰੀ ਅਤੇ ਵਿਸ਼ਵ ਖਾਲਸਾ ਕੇਸਰੀ ਵਰਗੇ ਕਈ ਖਿਤਾਬ ਹਾਸਿਲ ਕੀਤੇ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 1998 ਵਿੱਚ ਅਰਜੁਨ ਐਵਾਰਡ ਦਿੱਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ। ਉਸ ਨੂੰ 1998 ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਨਸ਼ੇ ਦੇ ਕਾਰੋਬਾਰ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਕਈ ਸਾਥੀਆਂ ਅਤੇ ਉਦਯੋਗਪਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਇਹ ਖ਼ੁਲਾਸਾ ਹੋਇਆ ਸੀ ਕਿ ਉਹ 700 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਗੈਂਗ ਦਾ ਸਰਗਨਾ ਸੀ।