(Source: ECI/ABP News)
Lok Sabha Election Result: ਪੰਜਾਬ ਦੀਆਂ ਤਿੰਨ ਸੀਟਾਂ ਦੇ ਸਮੀਕਰਨ ਬਦਲਣਗੇ 'ਖਾਲਿਸਤਾਨੀ', ਦੋ ਸੀਟਾਂ 'ਤੇ ਫਸਵੀਂ ਟੱਕਰ
ਲੋਕ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 4 ਜੂਨ ਨੂੰ ਆ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ। ਇਸ ਵਾਰ ਪੰਜਾਬ ਅੰਦਰ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ।
![Lok Sabha Election Result: ਪੰਜਾਬ ਦੀਆਂ ਤਿੰਨ ਸੀਟਾਂ ਦੇ ਸਮੀਕਰਨ ਬਦਲਣਗੇ 'ਖਾਲਿਸਤਾਨੀ', ਦੋ ਸੀਟਾਂ 'ਤੇ ਫਸਵੀਂ ਟੱਕਰ Khalistani will change the equations of three seats in Punjab, tough competition on two seats Lok Sabha Election Result: ਪੰਜਾਬ ਦੀਆਂ ਤਿੰਨ ਸੀਟਾਂ ਦੇ ਸਮੀਕਰਨ ਬਦਲਣਗੇ 'ਖਾਲਿਸਤਾਨੀ', ਦੋ ਸੀਟਾਂ 'ਤੇ ਫਸਵੀਂ ਟੱਕਰ](https://feeds.abplive.com/onecms/images/uploaded-images/2024/06/03/8503937939844fc5a7686da7e826ec2b1717397767316995_original.jpg?impolicy=abp_cdn&imwidth=1200&height=675)
Lok Sabha Election Result: ਲੋਕ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 4 ਜੂਨ ਨੂੰ ਆ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ਦੇ ਐਲਾਨ 'ਤੇ ਟਿਕੀਆਂ ਹੋਈਆਂ ਹਨ। ਇਸ ਵਾਰ ਪੰਜਾਬ ਅੰਦਰ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ। ਇਹ ਚੋਣਾਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਸਿਆਸੀ ਭਵਿੱਖ ਵੀ ਤੈਅ ਕਰਨਗੀਆਂ। ਇਸ ਤੋਂ ਇਲਾਵਾ ਕਈ ਸਾਲਾਂ ਬਾਅਦ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਉਮੀਦਵਾਰ ਵੀ ਫਸਵੀਂ ਟੱਕਰ ਦੇ ਰਹੇ ਹਨ।
ਦੱਸ ਦਈਏ ਕਿ ਇਸ ਵਾਰ ਖਾਲਿਸਤਾਨ ਸਮਰਥਕ ਉਮੀਦਵਾਰ ਪੰਜਾਬ ਦੀਆਂ 3 ਸੀਟਾਂ 'ਤੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਾਮ ਸਿਮਰਨਜੀਤ ਸਿੰਘ ਮਾਨ ਦਾ ਹੈ, ਜੋ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਹਨ। ਦੂਜਾ ਉਮੀਦਵਾਰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਦੇ ਦੋਸ਼ੀ ਬੇਅੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਹਨ। ਉਹ ਫ਼ਰੀਦਕੋਟ ਤੋਂ ਚੋਣ ਲੜ ਰਹੇ ਹਨ ਤੇ ਡਟਵੀਂ ਟੱਕਰ ਦੇ ਰਹੇ ਹਨ।
ਇਸੇ ਤਰ੍ਹਾਂ ਤੀਜੀ ਸੀਟ ਖਡੂਰ ਸਾਹਿਬ ਹੈ, ਜਿੱਥੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਹਨ। ਤਿੰਨ ਵਿੱਚੋਂ ਦੋ ਸੀਟਾਂ 'ਤੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵਿਚਾਲੇ ਸਖਤ ਟੱਕਰ ਹੈ। ਇਸ ਤੋਂ ਇਲਾਵਾ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਜਿੱਤ-ਹਾਰ ਵਿੱਚ ਨਿਰਣਾਇਕ ਭੂਮਿਕਾ ਨਿਭਾਅ ਸਕਦੇ ਹਨ।
ਖਡੂਰ ਸਾਹਿਬ ਹਲਕਾ ਚਰਚਾ 'ਚ
ਖਡੂਰ ਸਾਹਿਬ ਪੰਜਾਬ ਦੀਆਂ ਕਈ ਵੀਵੀਆਈਪੀ ਸੀਟਾਂ ਨੂੰ ਪਛਾੜਦਿਆਂ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਗਿਆ ਹੈ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਇੱਥੋਂ ਚੋਣ ਲੜ ਰਹੇ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਵਿੱਚ ਹਨ ਪਰ ਇਸ ਵਾਰ ਇੱਥੇ ਵੋਟਿੰਗ ਵਿੱਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੁੱਲ 61.60% ਵੋਟਿੰਗ ਹੋਈ, ਜੋ ਮੌਜੂਦਾ ਸਰਕਾਰ ਲਈ ਚੰਗੀ ਗੱਲ ਨਹੀਂ ਮੰਨੀ ਜਾ ਰਹੀ ਹੈ।
ਜਦੋਂਕਿ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਤੇ ਭਾਜਪਾ ਦੇ ਮਨਜੀਤ ਸਿੰਘ ਮੀਆਂਵਿੰਡ ਚੋਣ ਮੈਦਾਨ ਵਿੱਚ ਹਨ। ਸਿਆਸੀ ਮਾਹਿਰਾਂ ਮੁਤਾਬਕ ਇੱਥੇ ਅੰਮ੍ਰਿਤਪਾਲ ਸਿੰਘ ਦੀ ਲਾਲਜੀਤ ਸਿੰਘ ਭੁੱਲਰ ਤੇ ਕੁਲਬੀਰ ਸਿੰਘ ਜ਼ੀਰਾ ਨਾਲ ਫਸਵੀਂ ਟੱਕਰ ਹੈ। ਬੀਜੇਪੀ ਉਮੀਦਵਾਰ ਦੌੜ ਤੋਂ ਬਾਹਰ ਹੈ।
ਫਰੀਦਕੋਟ ਹਲਕੇ 'ਚ ਸਰਬਜੀਤ ਸਿੰਘ ਖ਼ਾਲਸਾ ਦੇ ਰਹੇ ਸਤ ਟੱਕਰ
ਫਰੀਦਕੋਟ ਹਲਕੇ 'ਚ ਇਸ ਵਾਰ 63.17% ਵੋਟਿੰਗ ਹੋਈ ਹੈ, ਜਦੋਂਕਿ 2019 ਦੀਆਂ ਚੋਣਾਂ ਵਿੱਚ 63.25% ਵੋਟਿੰਗ ਹੋਈ ਸੀ। ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਕਾਂਗਰਸ ਦੇ ਹਨ ਪਰ ਇਸ ਵਾਰ ਸਮੀਕਰਨ ਬਦਲ ਗਏ ਹਨ। ਇਸ ਵਾਰ ‘ਆਪ’ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦਰਮਿਆਨ ਸਖ਼ਤ ਟੱਕਰ ਮੰਨੀ ਜਾ ਰਹੀ ਹੈ।
ਭਾਜਪਾ ਨੇ ਇੱਥੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਪਰ ਕਿਸਾਨਾਂ ਦੇ ਵਿਰੋਧ ਕਾਰਨ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਉਮੀਦਵਾਰ ਵੀ ਦੌੜ ਤੋਂ ਬਾਹਰ ਹਨ। ਇਸ ਲਈ ਸਿੱਧਾ ਮੁਕਾਬਲਾ ਕਰਮਜੀਤ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ।
ਸੰਗਰੂਰ 'ਚ ਸਿਮਰਨਜੀਤ ਮਾਨ ਬਦਲਣਗੇ ਸਮੀਕਰਨ
ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ। ਇੱਥੋਂ ਉਹ ਦੋ ਵਾਰ ਜਿੱਤ ਕੇ ਸੰਸਦ ਵਿੱਚ ਗਏ ਸਨ ਪਰ ਅੱਜ ਇਹ ਸੀਟ ਅਟਕ ਗਈ ਜਾਪਦੀ ਹੈ। ਕਾਂਗਰਸ ਨੇ ਇੱਥੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਹੈ। ਸੁਖਪਾਲ ਖਹਿਰਾ ਦੇ ਧੂੰਆਂਧਾਰ ਪ੍ਰਚਾਰ ਨੇ ਸੱਤਾਧਿਰ ਲਈ ਵੱਡੀ ਮੁਸ਼ਕਲ ਖੜ੍ਹੀ ਕਰੀ ਰੱਖੀ।
ਹਾਲਾਤ ਇਹ ਬਣ ਗਏ ਕਿ ਸੀਐਮ ਭਗਵੰਤ ਮਾਨ ਨੂੰ ਖੁਦ ਆ ਕੇ ਵੋਟਰਾਂ ਨੂੰ 'ਆਪ' ਦੇ ਹੱਕ 'ਚ ਵੋਟ ਪਾਉਣ ਲਈ ਕਹਿਣਾ ਪਿਆ। ਇਸ ਵਾਰ ਇੱਥੇ 64.63% ਵੋਟਿੰਗ ਹੋਈ ਹੈ। 2019 ਦੀਆਂ ਚੋਣਾਂ ਵਿੱਚ ਇੱਥੇ 72.40% ਵੋਟਾਂ ਪਈਆਂ ਸਨ। ਬੇਸ਼ੱਕ ਇਸ ਸੀਟ 'ਤੇ 'ਆਪ' ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਕਾਂਗਰਸ ਦੇ ਸੁਖਪਾਲ ਖਹਿਰਾ ਵਿਚਾਲੇ ਹੀ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ ਪਰ ਜਿੱਤ-ਹਾਰ ਦਾ ਫੈਸਲਾ ਸਿਮਰਨਜੀਤ ਸਿੰਘ ਮਾਨ ਦੇ ਹੱਥ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)