ਕੋਟਕਪੂਰਾ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਦਿੱਲੀ ਸਪੈਸ਼ਲ ਸੈਲ ਦੀ ਕਾਰਵਾਈ, ਪਟਿਆਲਾ ਤੋਂ 3 ਦੋਸ਼ੀ ਕੀਤੇ ਗ੍ਰਿਫ਼ਤਾਰ
ਦਿੱਲੀ ਸਪੈਸ਼ਲ ਸੈਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀਆਂ ਦੀ ਜਨਵਰੀ ਤੋਂ ਕਿਸੇ ਹੋਰ ਮਾਮਲੇ ਵਿੱਚ ਭਾਲ ਸੀ, ਅਤੇ ਇਹ ਮਾਮਲਾ ਪੰਜਾਬ ਦਾ ਹੈ ਤੇ ਇਸ ਤੇ ਕਾਰਵਾਈ ਪੰਜਾਬ ਪੁਲਿਸ ਹੀ ਕਰੇਗੀ।
ਪਟਿਆਲਾ: ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਾਮਲੇ ਵਿੱਚ ਦਿੱਲੀ ਦੇ ਸਪੈਸ਼ਲ ਸੈਲ ਨੇ ਪਟਿਆਲਾ ਤੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਦਿੱਲੀ ਸਪੈਸ਼ਲ ਸੈਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਦੋਸ਼ੀਆਂ ਦੀ ਜਨਵਰੀ ਤੋਂ ਕਿਸੇ ਹੋਰ ਮਾਮਲੇ ਵਿੱਚ ਭਾਲ ਸੀ, ਅਤੇ ਇਹ ਮਾਮਲਾ ਪੰਜਾਬ ਦਾ ਹੈ ਤੇ ਇਸ ਤੇ ਕਾਰਵਾਈ ਪੰਜਾਬ ਪੁਲਿਸ ਹੀ ਕਰੇਗੀ।
ਕੋਟਕਪੂਰਾ 'ਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵੀਰਵਾਰ ਰਾਤ ਇਨ੍ਹਾਂ ਨੂੰ ਪਟਿਆਲਾ ਦੇ ਬਖਸ਼ੀਵਾਲਾ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਛੇਆਂ ਮੁਲਜ਼ਮਾਂ ਦੀ ਸਨਾਖਤ ਕਰ ਲਈ ਹੈ। ਇਨ੍ਹਾਂ ਵਿੱਚੋਂ ਚਾਰ ਹਰਿਆਣਾ ਤੇ ਦੋ ਪੰਜਾਬ ਨਾਲ ਸਬੰਧਤ ਹਨ। ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪ੍ਰਦੀਪ ਕਟਾਰੀਆ 'ਤੇ 60 ਗੋਲੀਆਂ ਚਲਾਈਆਂ ਸੀ। ਇਹ ਹਮਲਾਵਰ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਸੰਪਰਕ ਵਿੱਚ ਸਨ। ਫਰੀਦਕੋਟ ਵਿੱਚ ਗੋਲੀਬਾਰੀ ਦੌਰਾਨ ਇੱਕ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗੀ ਸੀ।
ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰ ਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਨੂੰ ਵੀਰਵਾਰ ਛੇ ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਕੁ ਵਜੇ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਿਆਨੇ ਦੀ ਦੁਕਾਨ ਤੇ ਡੇਅਰੀ ਚਲਾਉਣ ਵਾਲੇ ਪ੍ਰਦੀਪ ਸਿੰਘ ਨੂੰ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਸੀ।
ਪ੍ਰਦੀਪ ਸਿੰਘ ਜਦੋਂ ਬਚਾਅ ਲਈ ਭੱਜਣ ਲਈ ਲੱਗਾ ਤਾਂ ਇੱਕ ਗੋਲੀ ਨੇੜੇ ਖੜ੍ਹੇ ਸਾਬਕਾ ਐਮਸੀ ਅਮਰ ਸਿੰਘ ਵਿਰਦੀ ਨੂੰ ਵੀ ਲੱਗ ਗਈ ਸੀ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਤਿੰਨੋਂ ਵਿਅਕਤੀਆਂ ਨੂੰ ਕੋਟਕਪੂਰਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ।