Punjab News: ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਹੋਏਗੀ ਐਕੁਆਇਰ! ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਮਿਲੇਗਾ ਮੁਆਵਜ਼ਾ
Delhi-Amritsar High Speed Railway Corridor: ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਐਕੁਆਇਰ ਹੋਏਗੀ। ਇਸ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ
Delhi-Amritsar High Speed Railway Corridor: ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਐਕੁਆਇਰ ਹੋਏਗੀ। ਇਸ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਤੇ ਤਰਨ ਤਾਰਨ ਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਸ਼ਾਮਲ ਹਨ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਤੇ ਰੇਲਵੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ।
ਦਰਅਸਲ ਭਾਰਤੀ ਰੇਲਵੇ ਨੇ ਦਿੱਲੀ-ਅੰਮ੍ਰਿਤਸਰ ਹਾਈ ਸਪੀਡ ਰੇਲਵੇ ਕੋਰੀਡੋਰ ਨੂੰ ਤਿਆਰ ਕਰਨ ਲਈ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਹਾਈ ਸਪੀਡ ਰੇਲਵੇ ਕੋਰੀਡੋਰ ਵਿੱਚ ਬੁਲੇਟ ਟਰੇਨਾਂ ਚਲਾਉਣ ਦੀ ਪ੍ਰਸਤਾਵਿਤ ਯੋਜਨਾ ਦੇ ਮੱਦੇਨਜ਼ਰ ਖੇਤਰ ਦੀ ਸੰਭਾਵਨਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਉੱਤਰੀ ਰੇਲਵੇ ਨੇ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ (ਪੁੱਡਾ) ਦੇ ਸਹਿਯੋਗ ਨਾਲ ਆਪਣੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਡੀਪੀਆਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ 2019 ਵਿੱਚ ਭਾਰਤ ਸਰਕਾਰ ਦੁਆਰਾ ਦੇਸ਼ ਵਿੱਚ 6 ਨਵੇਂ ਹਾਈ ਸਪੀਡ ਰੇਲਵੇ ਕੋਰੀਡੋਰ ਦੀ ਯੋਜਨਾ ਬਣਾਈ ਗਈ ਸੀ, ਜਿਸ ਵਿੱਚ ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਹਾਈ ਸਪੀਡ ਰੇਲਵੇ ਕੋਰੀਡੋਰ ਵੀ ਸ਼ਾਮਲ ਹੈ। ਉੱਤਰੀ ਰੇਲਵੇ ਵੱਲੋਂ ਪੁੱਡਾ ਦੇ ਸਹਿਯੋਗ ਨਾਲ ਜਲਦੀ ਹੀ ਪੰਜਾਬ ਦੀ ਧਰਤੀ 'ਤੇ ਇਸ ਲਾਂਘੇ ਦੇ ਹਿੱਸੇ ਹੇਠ ਆਉਂਦੇ ਪਿੰਡਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਾਜੈਕਟ ਲਈ ਪੰਜਾਬ ਤੇ ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਜਲਦ ਹੀ ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਐਕੁਆਇਰ ਕਰਨ ਲਈ ਮੁਆਵਜ਼ਾ ਰਾਸ਼ੀ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰੇਗੀ। ਕਿਸਾਨਾਂ ਨੂੰ ਐਕਵਾਇਰ ਜ਼ਮੀਨ ਦਾ ਪੰਜ ਗੁਣਾ ਤੱਕ ਮੁਆਵਜ਼ਾ ਦਿੱਤਾ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ-ਅੰਮ੍ਰਿਤਸਰ ਹਾਈ ਸਪੀਡ ਰੇਲ ਕੋਰੀਡੋਰ ਦੀ ਕੁੱਲ ਲੰਬਾਈ 465 ਕਿਲੋਮੀਟਰ ਹੋਵੇਗੀ। ਦਿੱਲੀ ਤੋਂ ਸ਼ੁਰੂ ਹੋਣ ਵਾਲਾ ਇਹ ਕੋਰੀਡੋਰ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ। ਇਸ ਨਵੇਂ ਹਾਈ ਸਪੀਡ ਕੋਰੀਡੋਰ 'ਚ ਚੱਲਣ ਵਾਲੀ ਬੁਲੇਟ ਟਰੇਨ ਦੀ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਸਿਰਫ਼ ਦੋ ਘੰਟਿਆਂ ਵਿੱਚ ਪੂਰਾ ਹੋਵੇਗਾ। ਦਿੱਲੀ ਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 13 ਸਟੇਸ਼ਨਾਂ 'ਤੇ ਰੁਕੇਗੀ।
ਇਸ ਬੁਲੇਟ ਟਰੇਨ 'ਚ ਇੱਕ ਵਾਰ 'ਚ ਕਰੀਬ 750 ਯਾਤਰੀ ਸਫਰ ਕਰ ਸਕਣਗੇ। ਦਿੱਲੀ, ਹਰਿਆਣਾ ਤੇ ਪੰਜਾਬ ਦੇ ਕੁੱਲ 343 ਪਿੰਡਾਂ ਤੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਹਾਈ ਸਪੀਡ ਕੋਰੀਡੋਰ ਵਿੱਚ 13 ਰੇਲਵੇ ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚ ਦਿੱਲੀ, ਅਸੋਧਾ, ਰੋਹਤਕ, ਜੀਂਦ, ਕੈਥਲ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਸ਼ਾਮਲ ਹਨ। ਇਹ ਪ੍ਰੋਜੈਕਟ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਨਾਲ-ਨਾਲ ਨੈਸ਼ਨਲ ਹਾਈਵੇਅ ਪ੍ਰੋਜੈਕਟ ਦੇ ਨਾਲ ਲੰਘੇਗਾ।