Punjab News: ਪੁਲਿਸ 'ਤੇ ਵਕੀਲ ਨਾਲ ਅਣਮਨੁੱਖੀ ਵਤੀਰਾ ਕਰਨ ਦੇ ਇਲਜ਼ਾਮ, ਕੰਮ ਠੱਪ ਕਰਕੇ ਵਕੀਲਾਂ ਕੀਤਾ ਪ੍ਰਦਰਸ਼ਨ, ਜਾਣੋ ਮਾਮਲਾ
Punjab News: ਵਕੀਲਾਂ ਨੇ ਦੱਸਿਆ ਨੇ ਪੁਲਿਸ ਵੱਲੋਂ ਵਕੀਲ ਸਿੰਘ ਸੰਧੂ ਨੂੰ ਚੁੱਕਿਆ ਗਿਆ ਤੇ ਥਾਣੇ ਵਿੱਚ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਇਸ ਤੋਂ ਬਾਅਦ ਵਕੀਲ ਨੇ ਐਸੋਸੀਏਸ਼ਨ ਤੱਕ ਪਹੁੰਚ ਕਰਕੇ ਦੱਸਿਆ ਕਿ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ ਹੈ।
Punjab News: ਸ੍ਰੀ ਮੁਕਤਸਰ ਸਾਹਿਬ ਵਿਖੇ ਜੇ ਕਿਸੇ ਵਿਅਕਤੀ ਨੂੰ ਵਕੀਲਾਂ ਤੱਕ ਕੋਈ ਅਦਾਲਤੀ ਕੰਮ ਹੈ ਤਾਂ ਉਸ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਇਸ ਦਾ ਕਾਰਨ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਹੜਤਾਲ ਕਰਕੇ ਆਪਣਾ ਕੰਮ ਕਾਰ ਠੱਪ ਕਰਨਾ ਦਾ ਐਲਾਨ ਕਰ ਦਿੱਤਾ ਗਿਆ ਹੈ। ਵਕੀਲਾਂ ਵੱਲੋਂ ਇਹ ਪ੍ਰਦਰਸ਼ਨ ਪੁਲਿਸ ਦੀ ਕਾਰਵਾਈ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ।
ਇਸ ਬਾਰੇ ਪ੍ਰੈਸ ਕਾਨਫ਼ਰੰਸ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵਕੀਲ ਨਾਲ ਅਣਮਨੁੱਖੀ ਵਰਤਾਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਅਦਾਲਤ ਲਜਾਇਆ ਗਿਆ ਤਾਂ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਪੁਲਿਸ ਅਧਿਕਾਰੀਆਂ ਵੱਲੋਂ ਅਜੇ ਤੱਕ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਕੀ ਹੈ ਪੂਰਾ ਮਾਮਲਾ
ਵਕੀਲਾਂ ਨੇ ਦੱਸਿਆ ਨੇ ਪੁਲਿਸ ਵੱਲੋਂ ਵਕੀਲ ਸਿੰਘ ਸੰਧੂ ਨੂੰ ਚੁੱਕਿਆ ਗਿਆ ਤੇ ਥਾਣੇ ਵਿੱਚ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਐਸੋਸੀਏਸ਼ਨ ਤੱਕ ਪਹੁੰਚ ਕਰਕੇ ਦੱਸਿਆ ਕਿ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ ਹੈ।ਜਿਸ ਤੋਂ ਬਾਅਦ ਅਦਾਲਤ ਵਿੱਚ ਅਰਜੀ ਲਾ ਕੇ ਦੁਬਾਰਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਅਦਾਲਤੀ ਹੁਕਮਾਂ ਬਾਅਦ ਕਰਵਾਏ ਗਏ ਮੈਡੀਕਲ ਵਿੱਚ ਵਕੀਲ ਦੇ 18 ਸੱਟਾਂ ਆਈਆਂ ਹਨ। ਇਸ ਸਭ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਪੁਲਿਸ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ।
ਪਰਿਵਾਰ ਵਾਲਿਆਂ ਉੱਤੇ ਝੂਠਾ ਮੁਕੱਦਮਾ ਦਰਜ ਕਰਨ ਦਾ ਖ਼ਦਸ਼ਾ
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਕਿਉਂਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਕੋਈ ਪੁਲਿਸ ਮੁਲਾਜ਼ਮ ਆਪਣੇ ਸਾਥੀ ਦੇ ਖ਼ਿਲਾਫ਼ ਨਿਰਪੱਖ ਜਾਂਚ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਵੀ ਇਲਾਕੇ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਲਦੇ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਵੱਲੋਂ ਵਕੀਲ ਦੇ ਪਰਿਵਾਰ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਉੱਤੇ ਇਸ ਮਾਮਲੇ ਨੂੰ ਨਬੇੜਣ ਨੂੰ ਦਬਾਅ ਪਾਇਆ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਵੀ ਕਿਸੇ ਹੋਰ ਝੂਠੇ ਮੁਕੱਦਮੇ ਵਿੱਚ ਫਸਾਇਆ ਜਾ ਸਕਦਾ ਹੈ।
ਇਸ ਮੌਕੇ ਕਿਹਾ ਕਿ ਰੋਸ ਵਜੋਂ ਉਨ੍ਹਾਂ ਵੱਲੋਂ ਕੰਮ ਕਾਰ ਠੱਪ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਅਜੇ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਸੰਘਰਸ਼ ਪੰਜਾਬ ਪੱਧਰ ਉੱਤੇ ਉਲੀਕਿਆ ਜਾਵੇਗਾ।