Lok sabha Election: ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚ ਕੇ ਲਾਉਣਗੇ ਪੂਰਾ ਟਿੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ’ਚ ਚੋਣ ਰੈਲੀ ਕਰ ਰਹੇ ਹਨ। ਕਾਂਗਰਸ ਤੇ ‘ਆਪ’ ਵੱਲੋਂ ਵੀ ਰਣਨੀਤੀ ਬਣਾਈ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ 30 ਮਈ ਤੱਕ ਸੂਬੇ ’ਚ ਚੋਣ ਪ੍ਰਚਾਰ ਕਰਨਗੇ।
Lok sabha Election 2024: ਪੰਜਾਬ ਵਿੱਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਹਿਸਾਬ ਨਾਲ ਚੋਣ ਪ੍ਰਚਾਰ ਲਈ ਸਿਰਫ ਨੌਂ ਦਿਨ ਹੀ ਬਚੇ ਹਨ। ਸਿਆਸੀ ਪਾਰਟੀਆਂ ਅਗਲੇ ਨੌਂ ਦਿਨ ਪੂਰਾ ਜ਼ੋਰ ਲਾਉਣ ਦੀ ਰਣਨੀਤੀ ਬਣਾ ਰਹੀਆਂ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਸਣੇ ਸੀਨੀਅਰ ਲੀਡਰ ਪੰਜਾਬ ਪਹੁੰਚ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ’ਚ ਚੋਣ ਰੈਲੀ ਕਰ ਰਹੇ ਹਨ। ਕਾਂਗਰਸ ਤੇ ‘ਆਪ’ ਵੱਲੋਂ ਵੀ ਰਣਨੀਤੀ ਬਣਾਈ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ 30 ਮਈ ਤੱਕ ਸੂਬੇ ’ਚ ਚੋਣ ਪ੍ਰਚਾਰ ਕਰਨਗੇ। ‘ਆਪ’ ਵੱਲੋਂ ਸੂਬੇ ’ਚ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਕਿਰਾਏ ’ਤੇ ਲੈ ਲਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਤੇ ਅਰਵਿੰਦ ਕੇਜਰੀਵਾਲ ਸ਼ਹਿਰੀ ਖੇਤਰਾਂ ਵਿਚ ਚੋਣ ਪ੍ਰਚਾਰ ਕਰਨਗੇ। ‘ਆਪ’ ਨੇ ਸੰਸਦੀ ਖੇਤਰਾਂ ਵਿੱਚ ਪੈਂਦੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੇ ਪਾਰਟੀ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਅਜਿਹੇ ਹਲਕਿਆਂ ਵਿਚ ਮੁੱਖ ਮੰਤਰੀ ਦੇ ਰੋਡ ਸ਼ੋਅ ਉਲੀਕੇ ਜਾ ਰਹੇ ਹਨ। ਸ਼ਹਿਰੀ ਲੋਕਾਂ ਨਾਲ ਕੇਜਰੀਵਾਲ ਮੁਖ਼ਾਤਬ ਹੋਣਗੇ।
ਇਹ ਵੀ ਪੜ੍ਹੋ: UGC NET ਤੋਂ ਬਾਅਦ ਇੰਝ ਖੁੱਲ੍ਹਦੇ ਹਨ ਕਿਸਮਤ ਦੇ ਦਰਵਾਜ਼ੇ; ਇਹ ਸ਼ਾਰਟਕੱਟ ਭੁੱਲ ਕੇ ਵੀ ਨਾਂ ਲੈ ਲਿਓ
ਭਾਜਪਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੇ ਚੋਣ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪ੍ਰੋਗਰਾਮ ਵੀ ਬਣਾਏ ਜਾ ਰਹੇ ਹਨ। ਬਸਪਾ ਮੁਖੀ ਮਾਇਆਵਤੀ ਵੱਲੋਂ 24 ਮਈ ਨੂੰ ਨਵਾਂਸ਼ਹਿਰ ਵਿੱਚ ਰੈਲੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵੀ 23 ਤੋਂ 29 ਮਈ ਦਰਮਿਆਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀਆਂ ਚੋਣ ਰੈਲੀਆਂ ਉਲੀਕੀਆਂ ਜਾ ਰਹੀਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਦੂਸਰੇ ਸੂਬਿਆਂ ’ਚੋਂ ਵੀ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ। ਪਾਰਟੀ ਆਗੂਆਂ ਮੁਤਾਬਕ ਕਾਂਗਰਸ ਵੱਲੋਂ ਚਾਰ ਤੋਂ ਪੰਜ ਰੈਲੀਆਂ ਦੀ ਵਿਉਂਤ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਉਨ੍ਹਾਂ ਹਲਕਿਆਂ ਵਿੱਚ ਰੈਲੀਆਂ ਰੱਖੀਆਂ ਜਾਣੀਆਂ ਹਨ ਜਿੱਥੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਭਾਜਪਾ ਵੱਲੋਂ ਗੁਰਦਾਸਪੁਰ ਸੀਟ ’ਤੇ ਜ਼ਿਆਦਾ ਧਿਆਨ ਫੋਕਸ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮਈ ਦੇ ਆਖ਼ਰੀ ਹਫ਼ਤੇ ਚੋਣ ਰੈਲੀਆਂ ਦੀ ਗਿਣਤੀ ਵਧਾ ਰਹੇ ਹਨ। ਉਹ ਬਠਿੰਡਾ ਹਲਕੇ ਵਿਚ ਜ਼ਿਆਦਾ ਧਿਆਨ ਕੇਂਦਰਤ ਕਰ ਰਹੇ ਹਨ।