Majithia VS AAP: ਮਜੀਠੀਆ ਨੇ ਭੇਜੀ ਰਾਜਪਾਲ ਨੂੰ ਚਿੱਠੀ, AAP ਵਿਧਾਇਕ ਤੇ ਉਸਦੇ ਜੀਜੇ ਦੀ ਲਾਈ ਸ਼ਿਕਾਇਤ, ਰੱਖੀ ਆਹ ਮੰਗ
Majithia letter to Governor - ਮਜੀਠੀਆ ਨੇ ਕਿਹਾ ਕਿ ਆਪ ਵਿਧਾਇਕ ਦੇ ਜੀਜਾ ਨੂੰ ਤਤਕਾਲੀ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਦੇ ਹੁਕਮਾਂ ’ਤੇ ਤਰਨਤਾਰਨ ਪੁਲਿਸ ਨੇ ਗੈਰਕਾਨੂੰਨੀ ਮਾਇਨਿੰਗ ਕਰਦਿਆਂ ਗ੍ਰਿਫਤਾਰ ਵੀ ਕਰ ਲਿਆ ਸੀ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਮਜੀਠੀਆ ਨੇ ਇੱਕ ਵਾਰ ਫਿਰ ਰਾਜਪਾਲ ਤੋਂ ਸਰਹੱਦੀ ਖੇਤਰ ਵਿੱਚ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਤਰਨਤਾਰਨ ਦੇ ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਪਿੰਡ ਵਾਲਿਆਂ ਦੀ ਗੱਲ ਸੁਣਨ ਜਿਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਉਸਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਇਨਿੰਗ ਖਿਲਾਫ ਬਿਆਨ ਦਿੱਤੇ ਸਨ।
ਰਾਜਪਾਲ ਨੂੰ ਲਿਖੇ ਪੱਤਰ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਅੰਮ੍ਰਿਤਸਰ ਦੇ ਦੌਰੇ ਵੇਲੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਉਹਨਾਂ ਪਿੰਡ ਵਾਲਿਆਂ ਦੀ ਗੱਲ ਸੁਣਨ ਜੋ ਆਪ ਵਿਧਾਇਕ ਦੀ ਗੈਰਕਾਨੂੰਨੀ ਮਾਇਨਿੰਗ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹਨ ਤੇ ਇਸ ਬਾਰੇ ਸਾਰਾ ਕੁਝ ਦੱਸਣ ਲਈ ਤਿਆਰ ਹਨ।
ਮਜੀਠੀਆ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਪਹਿਲਾਂ ਆਪ ਵਿਧਾਇਕ ਦੇ ਜੀਜਾ ਨਿਸ਼ਾਨ ਸਿੰਘ ਖਿਲਾਫ ਬਿਆਨਬਾਜ਼ੀ ਕਰਦਿਆਂ ਪੂਰਾ ਖੁਲ੍ਹਾਸਾ ਕੀਤਾ ਸੀ ਤੇ ਤਸਵੀਰਾਂ ਤੇ ਵੀਡੀਓ ਸਬੂਤ ਦੇ ਕੇ ਦੱਸਿਆ ਸੀ ਕਿ ਕਿਵੇਂ ਉਹ ਲਗਾਤਾਰ ਗੈਰਕਾਨੂੰਨੀ ਮਾਇਨਿੰਗ ਕਰਦਾ ਹੈ। ਉਹਨਾਂ ਰਾਜਪਾਲ ਨੂੰ ਦੱਸਿਆ ਕਿ ਨਿਸ਼ਾਨ ਸਿੰਘ ਦੇ ਘਰ ਦੀਆਂ ਤਸਵੀਰਾਂ ਜਿਥੇ ਜੇਸੀਬੀ ਤੇ ਹੋਰ ਮਸ਼ੀਨਰੀ ਖੜ੍ਹੀ ਹੈ, ਉਹ ਜਨਤਕ ਹਨ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਆਪ ਵਿਧਾਇਕ ’ਤੇ ਆਪਣੇ ਪੁਲਿਸ ਐਸਕਾਰਟ ਵਾਹਨ ਤੇ ਸੁਰੱਖਿਆ ਅਮਲੇ ਨੂੰ ਵੀ ਨਜਾਇਜ਼ ਮਾਇਨਿੰਗ ਵਿਚ ਲਗਾਇਆ ਹੋਇਆ ਹੈ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਆਪ ਵਿਧਾਇਕ ਦੇ ਜੀਜਾ ਨੂੰ ਤਤਕਾਲੀ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਦੇ ਹੁਕਮਾਂ ’ਤੇ ਤਰਨਤਾਰਨ ਪੁਲਿਸ ਨੇ ਗੈਰਕਾਨੂੰਨੀ ਮਾਇਨਿੰਗ ਕਰਦਿਆਂ ਗ੍ਰਿਫਤਾਰ ਵੀ ਕਰ ਲਿਆ ਸੀ। ਉਹਨਾਂ ਕਿਹਾ ਕਿ ਵਿਧਾਇਕ ਵੱਲੋਂ ਐਸ ਐਸ ਪੀ ਖਿਲਾਫ ਸੋਸ਼ਲ ਮੀਡੀਆ ’ਤੇ ਚਲਾਈ ਦੁਸ਼ਪ੍ਰਚਾਰ ਮੁਹਿੰਮ ਕਾਰਨ ਇਕ ਚੰਗੇ ਅਫਸਰ ਨੂੰ ਜ਼ਿਲ੍ਹੇ ਵਿਚੋਂ ਤਬਦੀਲ ਕਰ ਦਿੱਤਾ ਗਿਆ ਤੇ ਪੰਜ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਜਿਹਨਾਂ ਨੇ ਇਲਾਕੇ ਵਿਚ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਨੂੰ ਚੰਗੀ ਸੱਟ ਮਾਰੀ ਸੀ।
ਮਜੀਠੀਆ ਨੇ ਕਿਹਾ ਕਿ ਪੰਜਾਬੀ ਤਾਂ ਨਿਸ਼ਾਨ ਸਿੰਘ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਆਸ ਕਰ ਰਹੇ ਸਨ ਪਰ ਇਹ ਆਪ ਵਿਧਾਇਕ ਹੈ ਜੋ ਸਰਹੱਦੀ ਪੱਟੀ ਵਿਚ ਗੈਰ ਕਾਨੂੰਨੀ ਮਾਇਨਿੰਗ ਵਿਚ ਲੱਗਾ ਹੈ। ਉਹਨਾਂ ਕਿਹਾ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਨਿਸ਼ਾਨ ਸਿੰਘ ਨੇ ਇਕ ਦਿਨ ਵੀ ਜੇਲ੍ਹ ਵਿਚ ਨਹੀਂ ਲਗਾਇਆ ਅਤੇ ਉਹ ਹਸਪਤਾਲ ਵਿਚ ਵੀ ਵੀ ਆਈ ਪੀ ਸਹੂਲਤਾਂ ਦਾ ਆਨੰਦ ਮਾਣਦਾ ਰਿਹਾ ਤੇ ਹੁਣ ਜ਼ਮਾਨਤ ’ਤੇ ਬਾਹਰ ਹੈ।
ਮਜੀਠੀਆ ਨੇ ਰਾਜਪਾਲ ਨੂੰ ਦੱਸਿਆ ਕਿ ਆਪ ਵਿਧਾਇਕ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਕੇਸ ਵਿਚ ਪੰਜਾਬ ਪੁਲਿਸ ਖਿਲਾਫ ਕਾਰਵਾਈ ਕੀਤੇ ਜਾਣ ਨਾਲ ਲੋਕਾਂ ਵਿਚ ਗਲਤ ਸੰਦੇਸ਼ ਗਿਆ ਹੈ। ਉਹਨਾਂ ਕਿਹਾ ਕਿ ਮਾਇਨਿੰਗ ਮਾਫੀਆ ਦੇ ਹੌਂਸਲੇ ਹੋਰ ਵੱਧ ਗਏ ਹਨ ਤੇ ਪਿਛਲੇ ਪੰਦਰਾਂ ਦਿਨਾਂ ਤੋਂ ਸਾਰੀ ਸਰਹੱਦੀ ਪੱਟੀ ਵਿਚ ਗੈਰ ਕਾਨੂੰਨੀ ਮਾਇਨਿੰਗ ਹੋਰ ਵੱਧ ਗਈ ਹੈ।