ਨਸ਼ਾ ਤਸਕਰੀ ਕੇਸ 'ਚ ਵਧੀਆਂ ਮਜੀਠੀਆ ਦੀਆਂ ਮੁਸ਼ਕਲਾਂ, ਭਗਵੰਤ ਮਾਨ ਨੇ ਨਵੀਂ SIT ਨੂੰ ਸੌਂਪੀ ਕਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਚੱਲ ਰਹੇ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਪੁਨਰਗਠਨ ਕੀਤਾ ਹੈ।
ਚੰਡੀਗੜ੍ਹ: ਨਸ਼ਾ ਤਸਕਰੀ ਦੇ ਕੇਸ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਚੱਲ ਰਹੇ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਪੁਨਰਗਠਨ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲਣ ਤੋਂ ਇਲਾਵਾ ਨਵੇਂ ਮੈਂਬਰ ਵੀ ਸਿਟ ਵਿੱਚ ਸ਼ਾਮਲ ਕੀਤੇ ਹਨ।
ਦੱਸ ਦਈਏ ਕਿ ਨਸ਼ਾ ਤਸਕਰੀ ਦੇ ਮਾਮਲੇ ਉੱਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਬਿਕਰਮ ਮਜੀਠੀਆ ਵਿਚਾਲੇ ਲੰਬੀ ਜੰਗ ਚੱਲੀ ਹੈ। ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਜੀਠੀਆ ਨੂੰ ਨਸ਼ਾ ਤਸਕਰੀ ’ਚ ਕਥਿਤ ਭੂਮਿਕਾ ਲਈ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਮਜੀਠੀਆ ਨੇ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ ਜਿਸ ਲਈ ‘ਆਪ’ ਮੁਖੀ ਨੇ ਅੰਮ੍ਰਿਤਸਰ ਅਦਾਲਤ ’ਚ ਮੁਆਫ਼ੀ ਮੰਗੀ ਸੀ।
ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਚਾਲੇ ਫੁੱਟ ਵੀ ਪੈ ਗਈ ਸੀ। ਇਸ ਲਈ ਇਸ ਵਾਰ ਚੋਣਾਂ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਖ਼ਿਲਾਫ਼ ਨਸ਼ਿਆਂ ਬਾਰੇ ਦਰਜ ਕੇਸ ’ਤੇ ਖੁੱਲ੍ਹ ਕੇ ਕੋਈ ਗੱਲ ਨਹੀਂ ਕੀਤੀ ਸੀ। ਪਾਰਟੀ ਨੇ ਕਿਹਾ ਸੀ ਕਿ ਕਾਨੂੰਨ ਆਪਣਾ ਕੰਮ ਕਰੇਗਾ। ਦੂਜੇ ਪਾਸੇ ਪੰਜਾਬ ਅੰਦਰ ਨਸ਼ਿਆਂ ਦਾ ਵੱਡਾ ਮੁੱਦਾ ਹੈ। ਇਸ ਲਈ ਸਰਕਾਰ ਉੱਪਰ ਮਜੀਠੀਆ ਦੀ ਭੂਮਿਕਾ ਬਾਰੇ ਜਾਂਚ ਲਈ ਦਬਾਅ ਹੈ।
ਪੰਜਾਬ ਅੰਦਰ ਬਣੇ ਮਾਹੌਲ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਹੁਣ ਏਆਈਜੀ ਗੁਰਸ਼ਰਨ ਸਿੰਘ ਸੰਧੂ ਨੂੰ ਸੌਂਪ ਦਿੱਤੀ ਹੈ। ਪਹਿਲਾਂ ਇਸ ਦੀ ਕਮਾਨ ਏਆਈਜੀ ਬਲਰਾਜ ਸਿੰਘ ਕਰ ਰਹੇ ਸਨ। ਨਵੀਂ ਟੀਮ ਵਿੱਚ ਡੀਐਸਪੀ ਰੈਂਕ ਦੇ ਦੋ ਅਧਿਕਾਰੀਆਂ ਤੋਂ ਇਲਾਵਾ ਏਆਈਜੀ ਰਾਹੁਲ ਐਸ ਤੇ ਰਣਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਕਿ ਪੁਰਾਣੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਬਲਰਾਜ ਸਿੰਘ ਪੁਲੀਸ ਵਿਭਾਗ ਵਿੱਚ ਆਪਣੇ ਬੇਟੇ ਦੀ ਬਿਨਾਂ ਵਾਰੀ ਤੋਂ ਤਰੱਕੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ। ਚੰਨੀ ਸਰਕਾਰ ਵੇਲੇ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਬਣਾਈ ਗਈ ਸੀ ਤੇ ਸਿਟ ਦਾ ਗਠਨ ਪਿਛਲੇ ਸਾਲ 20 ਦਸੰਬਰ ਨੂੰ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਪੁਲਿਸ ਕੇਸ ਦੇ ਆਧਾਰ ’ਤੇ ਮਜੀਠੀਆ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਲਈ ਕੀਤਾ ਗਿਆ ਸੀ।