Sidhu Moosewala Murder: ਸਿੱਧੂ ਮੂਸੇਵਾਲਾ ਕਤਲ ਕੇਸ 'ਚ 'ਆਪ' ਸਰਕਾਰ ਦੀ ਕਾਰਵਾਈ ਤੋਂ ਬਹੁਤੇ ਲੋਕ ਖੁਸ਼ ਨਹੀਂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬਹੁਤੇ ਖੁਸ਼ ਨਹੀਂ ਹਨ।
Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬਹੁਤੇ ਖੁਸ਼ ਨਹੀਂ ਹਨ।ਏਬੀਪੀ ਸਾਂਝਾ ਵੱਲੋਂ ਫੇਸਬੁੱਕ 'ਤੇ ਇੱਕ ਸਵਾਲ ਪੁਛਿਆ ਗਿਆ ਸੀ ਕਿ ਲੋਕ ਇਸ ਕੇਸ 'ਚ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਜਾਂ ਨਹੀਂ।ਇਸ ਦੇ ਜਵਾਬ ਵਿੱਚ ਕਰੀਬ 2700 ਲੋਕਾਂ ਨੇ ਵੋਟ ਪਾਇਆ ਅਤੇ 63 ਫੀਸਦ ਲੋਕਾਂ ਨੇ ਕਿਹਾ ਕਿ ਉਹ ਸਰਕਾਰ ਦੀ ਕਾਰਵਾਈ ਤੋਂ ਖੁਸ਼ ਨਹੀਂ ਹਨ।ਜਦਕਿ 31 ਫੀਸਦੀ ਲੋਕ ਨੇ ਹਾਂ ਵਿੱਚ ਉਤਰ ਦਿੱਤਾ ਹੈ।ਇਸ ਦੇ ਨਾਲ ਹੀ 6% ਲੋਕਾਂ ਨੇ ਜਵਾਬ ਦਿੱਤਾ ਕਿ ਉਹ ਇਸ ਮਾਮਲੇ 'ਚ ਕੁੱਝ ਕਹਿ ਨਹੀਂ ਸਕਦੇ।
ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ।ਬਲਕੌਰ ਸਿੰਘ ਨੇ ਐਤਵਾਰ ਨੂੰ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ "ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵਾਂਗੇ। ਮੇਰੇ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।"
ਸਿੱਧੂ ਦੇ ਪਿਤਾ ਨੇ ਕਿਹਾ ਕਿ, "ਮੈਂ ਉਸ ਦੀ ਮੌਤ ਤੋਂ ਬਾਅਦ ਇਨਸਾਫ ਲਈ ਕੋਈ ਧਰਨਾ ਨਹੀਂ ਲਾਇਆ। ਮੈਂ ਸਰਕਾਰ ਦਾ ਖਹਿੜਾ ਛੱਡ ਦਿਆਂਗਾ। ਮੈਂ ਆਪਣੀ ਐਫਆਈਆਰ ਵੀ ਵਾਪਸ ਲੈ ਲਵਾਂਗਾ। ਮੇਰਾ ਪੁੱਤ ਮਰ ਗਿਆ ਗੋਲੀਆਂ ਨਾਲ ਤੇ ਉਸੇ ਰਾਹ 'ਤੇ ਮੈਂ ਜਾਣਾ ਚਾਹੁੰਗਾ। ਮੈਂ ਬਹੁਤ ਸ਼ੌਂਕ ਨਾਲ ਆਪਣੇ ਪੁੱਤ ਨੂੰ ਪਾਲਿਆ ਸੀ। ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਜਦੋਂ ਉਸ ਦੇ ਗੋਲੀਆਂ ਵੱਜੀਆਂ ਸੀ ਤਾਂ ਕਿੰਨੀ ਕੁ ਤਕਲੀਫ਼ ਹੋਈ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਸ ਰਸਤੇ ਮੇਰਾ ਪੁੱਤ ਗਿਆ ਹੈ, ਮੈਂ ਉਸੇ ਰਸਤੇ ਤੇ ਜਾਵਾਂ।"
ਬਲਕੌਰ ਸਿੰਘ ਦੇ ਇਲਜ਼ਾਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਪੱਧਰ 'ਤੇ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਇਹ ਮਾਮਲਾ ਬਹੁਤ ਸੰਗੀਨ ਹੈ। ਜਿੰਨੇ ਵੀ ਮੁਲਜ਼ਮ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਆਏ ਸੀ ਜਾਂ ਉਨ੍ਹਾਂ ਨਾਲ ਸਬੰਧਤ ਜਾਂ ਜੋ ਵੀ ਪਲੈਨਿੰਗ ਬਣਾਉਣ ਵਾਲੇ ਸੀ, ਉਹ ਸਾਰੇ ਫੜ੍ਹੇ ਗਏ ਹਨ। ਇਸ ਕੇਸ ਵਿੱਚ ਚਾਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਕ-ਦੋ ਮੁਲਜ਼ਮ ਕੈਨੈਡਾ ਬੈਠੇ ਹਨ। ਉਨ੍ਹਾਂ ਲਈ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਭਾਰਤ ਬੁਲਾਇਆ ਜਾਏ। ਮਾਨ ਨੇ ਕਿਹਾ, "ਸਾਡੇ ਵੱਲੋਂ ਕੋਈ ਕਮੀ ਨਹੀਂ ਹੈ।"
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਦੀ ਸ਼ਾਮ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੂਟਰ ਸਿੱਧੂ ਦੀ ਕਾਰ 'ਤੇ ਅੰਨੇਵਾਹ ਗੋਲੀਆਂ ਮਾਰ ਫਰਾਰ ਹੋ ਗਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :