ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ: ਅਮਨ ਅਰੋੜਾ
ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ।
ਚੰਡੀਗੜ੍ਹ: ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ।
ਉਨ੍ਹਾਂ ਨੇ ਸ਼ੁਕਰਵਾਰ ਦੇਰ ਸ਼ਾਮ ਇਥੇ ਹੋਟਲ ਮਾਊਂਟਵਿਊ ਵਿੱਚ ਪੀ.ਐਚ.ਡੀ. ਚੈਂਬਰ ਵੱਲੋਂ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸਮਾਗਮ:ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ ਐਟ ਇਨਜ਼ ਐਂਡ ਆਊਟਸ: 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦੀ ਪ੍ਰਧਾਨਗੀ ਕੀਤੀ। ਇਸ ਸ਼ੋਅ ਦਾ ਥੀਮ "ਟੁਆਰਡਜ਼ ਸਮਾਰਟ ਐਂਡ ਸਸਟੇਨੇਬਲ ਸਪੇਸਿਸ" ਸੀ।
ਅਮਨ ਅਰੋੜਾ ਨੇ ਕਿਹਾ ਕਿ ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਕਲਾ ਉਦਯੋਗ ਦੇ ਮੋਢਿਆਂ 'ਤੇ ਅੱਜ ਵੱਡੀ ਜ਼ਿੰਮੇਵਾਰੀ ਹੈ।
ਭਵਨ ਨਿਰਮਾਣ ਕਲਾ ਉਦਯੋਗ ਦੇ ਨੁਮਾਇੰਦਿਆਂ ਨੂੰ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਹੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਉਦਯੋਗ ਲਈ ਅਥਾਹ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ (ਮੋਹਾਲੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਨੂੰ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਭਵਨ ਨਿਰਮਾਣ ਕਲਾ ਅਤੇ ਵਿਰਾਸਤੀ ਇਮਾਰਤਾਂ ਜਿਵੇਂ ਭਾਈ ਰਾਮ ਸਿੰਘ ਦੁਆਰਾ ਡਿਜ਼ਾਈਨ ਕੀਤਾ ਖਾਲਸਾ ਕਾਲਜ, ਅੰਮਿ੍ਤਸਰ ਅਤੇ ਸੂਬੇ ਦੀਆਂ ਹੋਰ ਪ੍ਰਸਿੱਧ ਧਾਰਮਿਕ ਇਮਾਰਤਾਂ ਅਤੇ ਕਿਲਿਆਂ ਨੂੰ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਇਹ ਪਹਿਲਕਦਮੀ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਨਤਾ ਦੇਵੇਗੀ। ਸਮਾਗਮ ਦੌਰਾਨ ਸ੍ਰੀ ਅਮਨ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਐਜੂਕੇਟਰ ਆਰਕੀਟੈਕਟ ਲਈ ਪ੍ਰੋ. (ਡਾ.) ਐੱਸ.ਐੱਸ. ਭੱਟੀ, ਪ੍ਰੈਕਟਿਸਿੰਗ ਆਰਕੀਟੈਕਟ ਵਜੋਂ ਸ਼ਿਵਦੱਤ ਸ਼ਰਮਾ ਅਤੇ ਪਬਲਿਕ ਸਰਵਿਸ ਗਵਰਨਮੈਂਟ ਆਰਕੀਟੈਕਟ ਲਈ ਕੌਸ਼ਲ ਸ਼ਾਮ ਲਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :