ਨਵਜੋਤ ਸਿੱਧੂ ਦੀ 6 ਫੁੱਟ 4 ਇੰਚ ਦੇ ਬੰਦੇ 'ਤੇ ਅੱਖ, ਬੋਲੇ ਬੱਸ ਇਸ ਨੂੰ ਟੰਗਣਾ ਹੈ...
ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਅੱਖ ਇੱਕ 6 ਫੁੱਟ 4 ਇੰਚ ਦੇ ਬੰਦੇ 'ਤੇ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਸ ਨੂੰ ਜ਼ਰੂਰ ਟੰਗਣਾ ਹੈ ਕਿਉਂਕਿ ਉਹ ਨਸ਼ਾ ਵੇਚਣ ਦੇ ਸਮਝੌਤੇ ਕਰਵਾਉਂਦਾ ਸੀ।
ਚੰਡੀਗੜ੍ਹ: ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਅੱਖ ਇੱਕ 6 ਫੁੱਟ 4 ਇੰਚ ਦੇ ਬੰਦੇ 'ਤੇ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਸ ਨੂੰ ਜ਼ਰੂਰ ਟੰਗਣਾ ਹੈ ਕਿਉਂਕਿ ਉਹ ਨਸ਼ਾ ਵੇਚਣ ਦੇ ਸਮਝੌਤੇ ਕਰਵਾਉਂਦਾ ਸੀ। ਨਵਜੋਤ ਸਿੱਧੂ ਨੇ ਇਹ ਦਾਅਵਾ ਵੀਰਵਾਰ ਨੂੰ ਜਲੰਧਰ ਵਿੱਚ ਪਾਰਟੀ ਲੀਡਰਾਂ ਨਾਲ ਮੀਟਿੰਗ ਮਗਰੋਂ ਕੀਤਾ। ਉਨ੍ਹਾਂ ਕਿਹਾ, "ਮੈਂ ਇੱਕ 6 ਫੁੱਟ 4 ਇੰਚ ਦੇ ਬੰਦੇ ਨੂੰ ਜ਼ਰੂਰ ਟੰਗਣਾ ਹੈ ਜੋ ਨਸ਼ੇ ਦੇ ਤਸਕਰ ਨਾਲ ਸਮਝੌਤੇ ਕਰਾਉਂਦਾ ਸੀ, ਨਸ਼ੇ ਵੇਚਣ ਵਾਲੇ ਸਾਰੇ ਧਰੇ ਜਾਣਗੇ।"
ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲ ਸੀ। ਸਿੱਧੂ ਤੇ ਮਜੀਠੀਆ ਵਿਚਾਲੇ ਹਮੇਸ਼ਾਂ ਖੜਕਦੀ ਰਹੀ ਹੈ। ਇਸ ਲਈ ਹੀ ਉਨ੍ਹਾਂ ਨਸ਼ਿਆਂ ਦੇ ਮਾਮਲੇ 'ਚ ਮਜੀਠੀਆ ਦਾ ਨਾਂ ਲਏ ਬਿਨਾਂ ਕਿਹਾ ਕਿ ਐਸਟੀਐਫ ਵੱਲੋਂ ਜਿਹੜੀ ਜਾਂਚ ਰਿਪੋਰਟ ਬੰਦ ਲਿਫਾਫੇ ਵਿੱਚ ਹਾਈਕੋਰਟ ਨੂੰ ਦਿੱਤੀ ਗਈ ਹੈ, ਉਹ ਲਿਫਾਫਾ ਖੁੱਲ੍ਹਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ 6 ਫੁੱਟ 4 ਇੰਚ ਦਾ ਡਰਾਉਣਾ ਟੰਗਣਾ ਚਾਹੀਦਾ ਸੀ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਗਏ ਪੰਜ ਨੁਕਾਤੀ ਪ੍ਰੋਗਰਾਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਬੇਅਦਬੀ ਕਾਂਡ ਨੂੰ ਹੀ ਵੋਟਾਂ ਦਾ ਧਰੁਵੀਕਰਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਸਨ।
ਦਰਅਸਲ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੇ ਪਾਰਟੀ ਵਰਕਰਾਂ ਤੇ ਵਿਧਾਇਕਾਂ ਨੂੰ ਸਿੱਧੇ ਤੌਰ ’ਤੇ ਮਿਲਣ ਦਾ ਸਿਲਸਿਲਾ ਦੁਆਬੇ ਤੋਂ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਜਲੰਧਰ ਦੇ ਸਾਰੇ ਕਾਂਗਰਸੀ ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਕਾਂਗਰਸ ਭਵਨ ਵਿੱਚ ਗੱਲਬਾਤ ਕੀਤੀ। ਇਸ ਦੇ ਨਾਲ ਹੀ ਦੁਪਹਿਰ ਨੂੰ ਕਪੂਰਥਲਾ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ।
ਅਹਿਮ ਗੱਲ ਹੈ ਕਿ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੀ ਹਾਜ਼ਰ ਹੋਏ ਜਦਕਿ ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ ਚੀਮਾ ਤੇ ਸੁਖਪਾਲ ਸਿੰਘ ਖਹਿਰਾ ਗ਼ੈਰਹਾਜ਼ਰ ਰਹੇ। ਇਸੇ ਦੌਰਾਨ ਮਹਿੰਦਰ ਸਿੰਘ ਕੇਪੀ ਤੇ ਜਗਬੀਰ ਬਰਾੜ ਵੀ ਸਿੱਧੂ ਦੀ ਫੇਰੀ ਮੌਕੇ ਸਮਾਗਮ ’ਚ ਨਾ ਪੁੱਜੇ। ਇਹ ਤੈਅ ਹੈ ਕਿ ਕਾਂਗਰਸ ਦਾ ਰੱਫੜ ਅਜੇ ਖਤਮ ਨਹੀਂ ਹੋਇਆ।