ਕੈਪਟਨ ਦੀ ਫਤਹਿ ਮਗਰੋਂ ਨਵਜੋਤ ਸਿੱਧੂ ਦਾ ਕੀ ਬਣੂ? ਹਾਈਕਮਾਨ ਲਈ ਵੀ ਵਧੀ ਦੁਬਿਧਾ
ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੀ ਦੁਬਿਧਾ ਹੋਰ ਵੀ ਵਧ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਵਿੱਚ ਕੋਈ ਅਹਿਮ ਥਾਂ ਦੇਣ ਲਈ ਕਾਂਗਰਸ ਪਾਰਟੀ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਚੰਡੀਗੜ੍ਹ: ਪੰਜਾਬ ’ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਨਵਜੋਤ ਸਿੱਧੂ ਪ੍ਰਚਾਰ ਲਈ ਨਹੀਂ ਗਏ। ਫਿਰ ਵੀ ਕਾਂਗਰਸ ਨੇ ਰਾਜ ਦੀਆਂ 108 ਵਿੱਚੋਂ 101 ਨਗਰ ਕੌਂਸਲਾਂ ਤੇ ਅੱਠ ਵਿੱਚੋਂ ਛੇ ਨਗਰ ਨਿਗਮਾਂ ’ਚ ਬੇਮਿਸਾਲ ਜਿੱਤ ਦਰਜ ਕੀਤੀ। ਇਸ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਮਿਸ਼ਨ 2022 ਲਈ ਮਜ਼ਬੂਤ ਦਾਅਵੇਦਾਰ ਬਣ ਗਏ ਹਨ।
ਦੂਜੇ ਪਾਸੇ ਉਹ ਹਾਈਕਮਾਨ ਨੂੰ ਇਹ ਵੀ ਜਚਾਉਣ ਵਿੱਚ ਸਫਲ ਰਹੇ ਹਨ ਨਵਜੋਤ ਸਿੱਧੂ ਦੇ ਪ੍ਰਚਾਰ ਤੋਂ ਬਗ਼ੈਰ ਵੀ ਪਾਰਟੀ ਨੂੰ ਜਿੱਤਾ ਸਕਦੇ ਹਨ। ਇੰਝ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੀ ਦੁਬਿਧਾ ਹੋਰ ਵੀ ਵਧ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਵਿੱਚ ਕੋਈ ਅਹਿਮ ਥਾਂ ਦੇਣ ਲਈ ਕਾਂਗਰਸ ਪਾਰਟੀ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਇਸੇ ਸਬੰਧੀ ਸ਼ੁੱਕਰਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ। ਇਹ ਮੀਟਿੰਗ ਇਸ ਕਰ ਕੇ ਵੀ ਅਹਿਮ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਹ ਕਾਂਗਰਸ ਪਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕਰ ਕੇ ਆਏ ਸਨ। ਉਸ ਮੀਟਿੰਗ ਵਿੱਚ ਨਵਜੋਤ ਸਿੱਧੂ ਵੀ ਮੌਜੂਦ ਸਨ। ਚਰਚਾ ਸੀ ਕਿ ਨਵਜੋਤ ਸਿੱਧੂ ਹਾਈਕਮਾਨ ਤੋਂ ਆਪਣੀ ਗੱਲ ਮੰਨਵਾ ਲੈਣਗੇ ਪਰ ਹੁਣ ਹਾਲਾਤ ਬਦਲੇ ਹੋਏ ਦਿੱਸ ਰਹੇ ਹਨ।
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਸ਼ੁਰੂ ਵਿੱਚ ਪੰਜਾਬ ਸਰਕਾਰ ਨੂੰ ਕਈ ਵਾਰ ਘੇਰਿਆ ਪਰ ਹੁਣ ਉਹ ਹਾਈਕਮਾਨ ਦੇ ਕਹਿਣ ਉੱਪਰ ਸ਼ਾਂਤ ਹਨ। ਉਂਝ ਬੇਸ਼ੱਕ ਨਵਜੋਤ ਸਿੱਧੂ ਨੇ ਹੁਣ ਕਦੇ ਪੰਜਾਬ ਦੀ ਸਿਆਸਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਹ ਕਿਸਾਨ ਅੰਦੋਲਨ ਦੇ ਮੁੱਦੇ ਉੱਪਰ ਮੋਦੀ ਸਰਕਾਰ ਨੂੰ ਲਗਾਤਾਰ ਘੇਰਦੇ ਆ ਰਹੇ ਹਨ। ਅੱਜ ਫਿਰ ਉਨ੍ਹਾਂ ਨੇ ਟਵੀਟ ਕੀਤਾ ਹੈ।
ਸੂਤਰਾਂ ਮੁਤਾਬਕ ਨਵਜੋਤ ਸਿੱਧੂ ਲਗਾਤਾਰ ਸਥਾਨਕ ਸਰਕਾਰਾਂ ਬਾਰੇ ਵਿਭਾਗ ਹੀ ਦੁਬਾਰਾ ਲੈਣ ਦੀ ਮੰਗ ਉੱਤੇ ਵੀ ਅੜੇ ਹੋਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਹੁਣ ਉਨ੍ਹਾਂ ਨੂੰ ਊਰਜਾ ਵਿਭਾਗ ਹੀ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਚਰਚਾ ਹੈ ਕਿ ਸਿੱਧੂ ਪਾਰਟੀ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਵੀ ਮੰਗ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਇਸ ਲਈ ਵੀ ਸਹਿਮਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸੂਬੇ ਵਿੱਚ ਕਾਂਗਰਸ ਦੀ ਜਾਤੀਗਤ ਸਮੀਕਰਣ ਵਿਗੜ ਜਾਵੇਗੀ।
ਮੁੱਖ ਮੰਤਰੀ ਕੈਪਟਨ ਖ਼ੁਦ ਇੱਕ ਜੱਟ ਸਿੱਖ ਆਗੂ ਹਨ ਤੇ ਜੇ ਪਾਰਟੀ ਦਾ ਪ੍ਰਧਾਨ ਵੀ ਜੱਟ ਸਿੱਖ ਨੂੰ ਬਣਾ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਸੂਬੇ ’ਚ ਗ਼ਲਤ ਸੰਦੇਸ਼ ਜਾਵੇਗਾ। ਸੂਬਾ ਪ੍ਰਧਾਨ ਦੇ ਅਹੁਦੇ ਉੰਤੇ ਪਾਰਟੀ ਇੱਕ ਹਿੰਦੂ ਚਿਹਰਾ ਹੀ ਸਾਹਮਣੇ ਰੱਖਣਾ ਚਾਹੁੰਦੀ ਹੈ। ਉਂਝ ਵੀ ਸੁਨੀਲ ਜਾਖੜ ਇਸ ਵੇਲੇ ਕੈਪਟਨ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ।