Navjot Singh Sidhu: ਨਵਜੋਤ ਸਿੰਘ ਸਿੱਧੂ ਨੇ ਪੁਲਿਸ ਵਾਲਿਆਂ 'ਤੇ ਕੀਤੀ ਟਿੱਪਣੀ 'ਤੇ ਮੰਗੀ ਮੁਆਫੀ
Punjab News: ਸਿੱਧੂ ਨੇ ਇਹ ਕਹਿ ਕੇ ਆਪਣੇ ਬਿਆਨ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਬਿਆਨ ਤੋਂ ਉਨ੍ਹਾਂ ਦਾ ਮਤਲਬ ਹੈ ਕਿ ਅਜਿਹਾ ਵਿਅਕਤੀ ਹੈ ਜੋ ਪੁਲਿਸ ਨੂੰ ਵੀ ਡਰਾਉਂਦਾ ਹੈ।
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਲ ਹੀ 'ਚ ਆਪਣੇ ਵਲੋਂ ਪੁਲਿਸ ਵਾਲਿਆਂ ਲਈ ਕੀਤੇ ਇੱਕ ਇਤਰਾਜ਼ਯੋਗ ਬਿਆਨ ਕਰਕੇ ਸੁਰਖੀਆਂ 'ਚ ਰਹੇ ਹਨ। ਇਸ ਬਿਆਨ ਕਰਕੇ ਸਿੱਧੂ ਹਰ ਪਾਸੇ ਤੋਂ ਹਮਲਿਆਂ 'ਚ ਘਿਰ ਗਏ। ਜਿਸ ਤੋਂ ਬਾਅਦ ਪੁਲਿਸ ਦੇ ਕਈ ਅਧਿਕਾਰੀਆਂ ਸਮੇਤ ਸਿੱਧੂ ਨੂੰ ਵਿਰੋਧੀ ਧੀਰ ਨੇ ਵੀ ਨਿਸ਼ਾਨੇ 'ਤੇ ਲਿਆ।
ਆਪਣੇ ਬਿਆਨ ਕਰਕੇ ਵਧ ਰਹੀ ਮੁਸ਼ਕਲਾਂ ਕਰਕੇ ਆਖ਼ਰ ਬੁੱਧਵਾਰ ਨੂੰ ਜਨਤਕ ਤੌਰ 'ਤੇ ਸਿੱਧੂ ਨੇ ਮੁਆਫ਼ੀ ਮੰਗ ਲਈ ਹੈ। ਦੱਸ ਦਈਏ ਕਿ ਉਨ੍ਹਾਂ ਪਿਛਲੇ ਹਫ਼ਤੇ ਸੁਲਤਾਨਪੁਰ ਲੋਧੀ ਅਤੇ ਬਟਾਲਾ ਵਿੱਚ ਕਾਂਗਰਸ ਦੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਤਰਾਜ਼ਯੋਗ ਬਿਆਨ ਦਿੱਤੇ ਸੀ।
ਹੁਣ ਜਦੋਂ ਇੱਕ ਜਨਤਕ ਇੰਟਰਵਿਊ ਦੌਰਾਨ ਜਦੋਂ ਸਿੱਧੂ ਨੂੰ ਉਨ੍ਹਾਂ ਦੇ ਪੁਲਿਸ ਫੋਰਸ ਵਾਲੇ ਬਿਆਨ ਬਾਰੇ ਸਵਾਲ ਕੀਤਾ ਗਿਆ ਤਾਂ ਸਿੱਧੂ ਨੇ ਪਹਿਲਾਂ ਤਾਂ ਟਾਲ-ਮਟੋਲ ਕਰਦੇ ਹੋਏ ਕਿਹਾ ਕਿ ਉਹ ਕਈ ਥਾਵਾਂ 'ਤੇ ਬਹੁਤ ਲੰਬੇ ਭਾਸ਼ਣ ਦਿੰਦੇ ਹਨ, ਪਰ ਚੋਣਾਂ ਦੌਰਾਨ ਅਜਿਹੀਆਂ ਗੱਲਾਂ ਮੁੱਦਾ ਬਣ ਜਾਂਦੀਆਂ ਹਨ। ਫਿਰ ਵੀ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਸਿੱਧੂ ਨੇ ਕਿਹਾ ਕਿ ਉਹ ਇਹ ਗੱਲ ਤਾਂ ਪਿਛਲੇ 15 ਸਾਲਾਂ ਤੋਂ ਕਹਿ ਰਹੇ ਹਨ ਪਰ ਇਹ ਕਹਿੰਦੇ ਹੋਏ ਉਨ੍ਹਾਂ ਕਿਸੇ ਦਾ ਨਾਂਅ ਨਹੀਂ ਲਿਆ।
ਇਸ ਦੇ ਨਾਲ ਹੀ ਸਿੱਧੂ ਨੇ ਇਹ ਕਹਿ ਕੇ ਆਪਣੇ ਬਿਆਨ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਬਿਆਨ ਤੋਂ ਉਨ੍ਹਾਂ ਦਾ ਮਤਲਬ ਹੈ ਕਿ ਅਜਿਹਾ ਵਿਅਕਤੀ ਹੈ ਜੋ ਪੁਲਿਸ ਨੂੰ ਵੀ ਡਰਾਉਂਦਾ ਹੈ। ਫਿਰ ਵੀ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ।
ਸਿੱਧੂ ਦੇ ਇਸ ਬਿਆਨ 'ਤੇ ਵਿਵਾਦ ਉਸ ਸਮੇਂ ਵੱਧ ਗਿਆ ਜਦੋਂ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ, ਜਲੰਧਰ ਪੁਲਿਸ ਦੇ ਸਬ-ਇੰਸਪੈਕਟਰ ਬਲਬੀਰ ਸਿੰਘ ਅਤੇ ਅੰਮ੍ਰਿਤਸਰ ਦੇ ਹੌਲਦਾਰ ਸੰਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸਿੱਧੂ ਦੇ ਬਿਆਨ ਦੀ ਨਿਖੇਦੀ ਕੀਤੀ। ਡੀਐਸਪੀ ਦਿਲਸ਼ੇਰ ਸਿੰਘ ਨੇ ਸਿੱਧੂ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਵੀ ਕੀਤਾ।
ਇਹ ਸੀ ਸਿੱਧੂ ਦਾ ਇਤਰਾਜ਼ਯੋਗ ਬਿਆਨ
ਸੁਲਤਾਨਪੁਰ ਲੋਧੀ ਵਿੱਚ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਰੈਲੀ ਅਤੇ ਬਟਾਲਾ ਵਿੱਚ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਉਪਰੋਕਤ ਦੋਵਾਂ ਆਗੂਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਭਾਵੇਂ ਇਹ ਆਗੂ ਥੋੜ੍ਹਾ ਜਿਹਾ ਮੁਸਕਰਾ ਵੀ ਲੈਣ ਤਾਂ ਪੁਲਿਸ ਵਾਲਿਆਂ ਦੀ ਪੈਂਟ ਗਿੱਲੀ ਕਰ ਦਿੰਦੇ ਹੈ।
ਇਹ ਵੀ ਪੜ੍ਹੋ: Gold Mine Collapse: ਸੁਡਾਨ 'ਚ ਸੋਨੇ ਦੀ ਖਾਨ ਢਹਿਣ ਨਾਲ 38 ਦੀ ਮੌਤ, ਬਚਾਅ ਅਤੇ ਰਾਹਤ ਕਾਰਜ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin