ਪੜਚੋਲ ਕਰੋ
ਪਤਨੀ ਦੇ ਬਚਾਅ 'ਚ ਉੱਤਰੇ ਸਿੱਧੂ, ਚੁੱਕੇ ਰੇਲਵੇ 'ਤੇ ਵੱਡੇ ਸਵਾਲ

ਨਵੀਂ ਦਿੱਲੀ: ਅੰਮ੍ਰਿਤਸਰ ਰੇਲ ਹਾਦਸੇ ਵਿੱਚ 59 ਲੋਕਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸਭ ਤੋਂ ਵੱਧ ਸਵਾਲਾਂ ਦੇ ਘੇਰੇ ਵਿੱਚ ਹੈ। ਸਿੱਧੂ ਦੀ ਪਤਨੀ ਤੇ ਦੁਸਹਿਰਾ ਮੇਲਾ ਕਰਵਾਉਣ ਵਾਲੇ ਕੌਂਸਲਰ ਦੇ ਪੁੱਤਰ ਸੌਰਭ ਮਦਾਨ ਉਰਫ਼ ਮਿੱਠੂ ਉਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ ਪਰ ਨਵਜੋਤ ਸਿੰਘ ਸਿੱਧੂ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਆਪਣੀ ਪਤਨੀ ਨੂੰ ਨਿਰਦੋਸ਼ ਦੱਸਦਿਆਂ ਰੇਲਵੇ ਉੱਪਰ ਸਵਾਲ ਚੁੱਕੇ। ਸਿੱਧੂ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਮਹਿਮਾਨ ਕਿਸੇ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਉਸ ਸਮਾਗਮ ਨੂੰ ਮਿਲੀਆਂ ਪ੍ਰਵਾਨਗੀਆਂ ਦੀ ਜਾਂਚ ਨਹੀਂ ਕਰਦਾ। ਇਸ ਵਿੱਚ ਮੇਰੀ ਪਤਨੀ ਦੀ ਗ਼ਲਤੀ ਨਹੀਂ। ਸਿੱਧੂ ਨੇ ਰੇਲਵੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਡੀਐਮਯੂ ਟ੍ਰੇਨ ਨਾਲ ਹਾਦਸਾ ਹੋਇਆ ਹੈ, ਉਸ ਨੂੰ ਤਾਂ ਲੱਡੂ ਟ੍ਰੇਨ ਕਿਹਾ ਜਾਂਦਾ ਹੈ ਕਿਉਂਕਿ ਹੋਲੀ ਚੱਲਣ ਵਾਲੀ ਇਸ ਟ੍ਰੇਨ ਵਿੱਚ ਲੋਕ ਚਲਦਿਆਂ-ਚਲਦਿਆਂ ਹੀ ਸਵਾਰ ਹੋ ਜਾਂਦੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਹਾਦਸੇ ਤੋਂ ਪਹਿਲਾਂ ਦੋ ਰੇਲਾਂ ਉਸੇ ਲੀਹ ਤੋਂ ਲੰਘੀਆਂ ਜਿਨ੍ਹਾਂ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟੇ ਹੀ ਸੀ ਪਰ ਇਹ 30 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀ ਡੀਐਮਯੂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਨ ਪਿੱਛੇ ਕੀ ਖ਼ਾਸ ਵਜ੍ਹਾ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਰੇਲਵੇ ਫਾਟਕ 300 ਮੀਟਰ ਦੂਰ ਸੀ ਤੇ ਟ੍ਰੇਨ ਨੇ ਹਾਰਨ ਵੀ ਨਹੀਂ ਵਜਾਇਆ ਤੇ ਨਾ ਹੀ ਉਸ ਟ੍ਰੇਨ 'ਤੇ ਕੋਈ ਹੈੱਡਲਾਈਟ ਸੀ ਜੋ ਤਿੰਨ ਕਿਲੋਮੀਟਰ ਤਕ ਸਾਫ਼-ਸਾਫ਼ ਦਿਖਾ ਦਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੰਨਾ ਸਭ ਹੋਣ ਦੇ ਬਾਵਜੂਦ ਰੇਲਵੇ ਨੇ ਇੱਕ ਇਨਕੁਆਇਰੀ ਵੀ ਨਹੀਂ ਬਿਠਾਈ ਤੇ ਡਰਾਈਵਰ ਨੂੰ ਇੱਕੋ ਦਿਨ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ। ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਪੱਧਰ ਦੀ ਗ਼ਲਤੀ ਨੂੰ ਤਾਂ ਮੈਜਿਸਟ੍ਰੇਟ ਜਾਂਚ ਵਿੱਚ ਫੜ ਲਿਆ ਜਾਵੇਗਾ, ਪਰ ਰੇਲਵੇ ਦੀ ਗ਼ਲਤੀ ਦਾ ਕਿਵੇਂ ਪਤਾ ਲੱਗੇਗਾ। ਸਿੱਧੂ ਨੇ ਆਪਣੀ ਪਤਨੀ ਬਾਰੇ ਦੱਸਿਆ ਕਿ ਉਹ ਉਸ ਦਿਨ ਬੇਂਗਲੁਰੂ ਗਏ ਹੋਏ ਸਨ ਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੀ ਪਤਨੀ ਨੇ ਛੇ ਸਮਾਗਮਾਂ ਵਿੱਚ ਜਾਣਾ ਸੀ। ਉਨ੍ਹਾਂ ਨੂੰ ਸਾਢੇ ਛੇ ਵਜੇ ਸੱਦਿਆ ਗਿਆ ਸੀ ਤੇ ਉਹ ਛੇ ਵੱਜ ਕੇ 40 ਮਿੰਟਾਂ 'ਤੇ ਉੱਥੇ ਪਹੁੰਚ ਗਏ ਸੀ। ਰਾਵਣ ਦਹਿਨ ਤੋਂ ਬਾਅਦ ਉਹ ਪੰਜਵੇਂ ਸਮਾਗਮ ਲਈ ਨਿੱਕਲ ਪਏ ਤੇ ਹਾਦਸਾ ਵਾਪਰ ਗਿਆ। ਸਿੱਧੂ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਬਾਅਦ ਵੀ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਨੇ ਆਉਣ ਤੋਂ ਮਨ੍ਹਾ ਕੀਤਾ ਸੀ ਤੇ ਉਹ ਹਸਪਤਾਲ ਚਲੇ ਗਏ ਤੇ ਰਾਤ ਤਕਰੀਬਨ ਇੱਕ ਵਜੇ ਤਕ ਉੱਥੇ ਰੁਕੇ ਰਹੇ। ਮੰਤਰੀ ਨੇ ਪ੍ਰੋਗਰਾਮ ਦੇ ਕਰਤਾ ਧਰਤਾ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਲੋਕਾਂ ਦੇ ਗੁੱਸੇ ਕਾਰਨ ਉਹ ਬਾਹਰ ਨਹੀਂ ਆ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















