ਤਜਿੰਦਰ ਬੱਗਾ ਦੀ ਗ੍ਰਿਫਤਾਰੀ 'ਤੇ ਭੜਕੇ ਸਿੱਧੂ , ਬੋਲੇ ਸਿਆਸੀ ਬਦਲਾਖੋਰੀ ਕੱਢ ਕੇ 'ਪਾਪ' ਕਰ ਰਹੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ
ਭਾਜਪਾ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦਾ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਹੁਣ ਕਾਂਗਰਸੀ ਆਗੂਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ : ਭਾਜਪਾ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦਾ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਹੁਣ ਕਾਂਗਰਸੀ ਆਗੂਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਸਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸੇ ਕੜੀ 'ਚ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਬਦਲੇ ਦੀ ਰਾਜਨੀਤੀ ਕਰ ਕੇ ਪਾਪ ਕਰ ਰਹੇ ਹਨ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਕੁਮਾਰ ਜਿੰਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਕਰੀਬ 50 ਜਵਾਨ ਸਵੇਰੇ 8:30 ਵਜੇ ਦਿੱਲੀ ਸਥਿਤ ਬੱਗਾ ਦੇ ਘਰ ਪਹੁੰਚੇ। ਜਿੱਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਬੁਲਾਰੇ ਨੇ ਕਿਹਾ, 'ਉਸ ਨੂੰ ਆਪਣੀ ਪੱਗ ਤੱਕ ਬੰਨ੍ਹਣ ਦੀ ਵੀ ਇਜਾਜ਼ਤ ਨਹੀਂ ਦਿੱਤੀ , ਹੁਣ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ; “ਤਜਿੰਦਰ ਬੱਗਾ ਅਲੱਗ ਪਾਰਟੀ ਦੇ ਹੋ ਸਕਦੇ ਹਨ, ਜਿਸ ਦੇ ਵਿਚਾਰਾਂ ਵਿੱਚ ਮਤਭੇਦ ਹੋ ਸਕਦੇ ਹਨ ਪਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਪੁਲਿਸ ਰਾਹੀਂ ਆਪਣੇ ਹਿੱਤਾਂ ਦੀ ਪੂਰਤੀ ਲਈ ਬਦਲੇ ਦੀ ਰਾਜਨੀਤੀ ਕਰਕੇ ਪਾਪ ਕਰ ਰਹੇ ਹਨ। ਪੰਜਾਬ ਪੁਲਿਸ ਦਾ ਅਕਸ ਖਰਾਬ ਕਰਨਾ ਬੰਦ ਕਰੋ। ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਦੇ (ਤਜਿੰਦਰ ਬੱਗਾ) ਦੇ ਪਿਤਾ ਦੀ ਸ਼ਿਕਾਇਤ 'ਤੇ ਅਗਵਾ ਦਾ ਮਾਮਲਾ ਦਰਜ ਕੀਤਾ ਹੈ।
ਸਿੱਧੂ ਨੇ ਟਵੀਟ ਕਰਕੇ ਸਾਧਿਆ ਨਿਸ਼ਾਨਾ
Tajinder Bagga could be from a different party, one could have ideological differences. But Political vendetta, of @ArvindKejriwal & @BhagwantMann, to settle personal scores through Punjab police is a cardinal sin… Stop tarnishing the image of Punjab Police by Politicising it..
— Navjot Singh Sidhu (@sherryontopp) May 6, 2022
ਤਜਿੰਦਰ ਬੱਗਾ ਦੇ ਪਿਤਾ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਜਨਕਪੁਰੀ ਸਥਿਤ ਉਨ੍ਹਾਂ ਦੇ ਘਰ ਕੁਝ ਲੋਕ ਆਏ ਅਤੇ ਉਨ੍ਹਾਂ ਦੇ ਲੜਕੇ ਨੂੰ ਨਾਲ ਲੈ ਗਏ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਬੱਗਾ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਤੇ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਬੱਗਾ ਨੂੰ ਦਿੱਲੀ ਤੋਂ ਮੁਹਾਲੀ ਲਿਜਾਂਦੇ ਸਮੇਂ ਜਿਸ ਗੱਡੀ ਵਿੱਚ ਸਵਾਰ ਹੋ ਕੇ ਲਿਜਾਇਆ ਜਾ ਰਿਹਾ ਸੀ, ਉਸ ਨੂੰ ਰਸਤੇ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਰੋਕ ਲਿਆ ਗਿਆ। ਬੱਗਾ ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਾਫੀ ਬੋਲ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੱਗਾ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਪੰਜਾਬ ਪੁਲੀਸ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੀ ਹੈ।
ਭੜਕਾਊ ਬਿਆਨ ਦੇਣ ਦਾ ਲੱਗਾ ਦੋਸ਼
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਬੱਗਾ ਨੂੰ ਪੰਜ ਨੋਟਿਸ ਦਿੱਤੇ ਸਨ ਪਰ ਉਸ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ। ਪਿਛਲੇ ਮਹੀਨੇ ਪੰਜਾਬ ਪੁਲਿਸ ਨੇ ਬੱਗਾ ਖਿਲਾਫ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਵਧਾਵਾ ਦੇਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ 'ਚ ਬੱਗਾ ਖਿਲਾਫ ਆਰੋਪ ਤੈਅ ਕੀਤੇ ਗਏ ਸੀ। ਬੱਗਾ ਦੇ 30 ਮਈ ਦੇ ਬਿਆਨ ਦੇ ਚੱਲਦੇ ਉਨ੍ਹਾਂ ਖਿਲਾਫ਼ 1 ਅਪ੍ਰੈਲ ਨੂੰ ਐਫ.ਆਈ.ਆਰ. ਦਰਜ ਕੀਤੀ ਗਈ। ਉਸ ਸਮੇਂ ਉਹ ਭਾਜਪਾ ਦੇ ਯੂਥ ਵਿੰਗ ਦੇ ਨਾਲ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ਦਾ ਹਿੱਸਾ ਬਣੇ ਸਨ।