ਜੇਕਰ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਸਥਿਤੀ ਹੋਈ ਨਾਜ਼ੁਕ ਤਾਂ ਹਸਪਤਾਲਾਂ 'ਚ ਬੈੱਡ ਵੀ ਨਹੀਂ ਹੋਣਗੇ ਪੂਰੇ
ਸਰਕਾਰੀ ਹਸਪਤਾਲਾਂ 'ਚ ਬਿਸਤਰਿਆਂ ਦੀ ਕਮੀ ਹੋ ਸਕਦੀ ਹੈ। ਨੀਤੀ ਆਯੋਗ ਦੇ ਅੰਦਾਜ਼ੇ ਮੁਤਾਬਕ 31 ਮਈ ਤਕ ਪੰਜਾਬ 'ਚ 3'612 ਆਈਸੀਯੂ, 6'923 ਨੌਨ ਆਈਸੀਯੂ ਬੈੱਡਾਂ ਦੀ ਲੋੜ ਪਵੇਗੀ, ਜਦਕਿ ਪੰਜਾਬ ਕੋਲ 922 ਆਈਸੀਯੂ ਤੇ 4,938 ਨੌਨ-ਆਈਸੀਯੂ ਬੈੱਡ ਉਪਲਬਧ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਨੀਤੀ ਆਯੋਗ ਨੇ 31 ਮਈ ਤਕ ਪੰਜਾਬ 'ਚ ਪੀੜਤਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਜਾਣ ਦਾ ਅਨੁਮਾਨ ਲਾਇਆ ਹੈ। ਜੇਕਰ ਇਹ ਅੰਦਾਜ਼ਾ ਸਹੀ ਹੁੰਦਾ ਤਾਂ ਸਰਕਾਰੀ ਹਸਪਤਾਲਾਂ 'ਚ ਬਿਸਤਰਿਆਂ ਦੀ ਕਮੀ ਹੋ ਸਕਦੀ ਹੈ। ਨੀਤੀ ਆਯੋਗ ਦੇ ਅੰਦਾਜ਼ੇ ਮੁਤਾਬਕ 31 ਮਈ ਤਕ ਪੰਜਾਬ 'ਚ 3'612 ਆਈਸੀਯੂ, 6'923 ਨੌਨ ਆਈਸੀਯੂ ਬੈੱਡਾਂ ਦੀ ਲੋੜ ਪਵੇਗੀ, ਜਦਕਿ ਪੰਜਾਬ ਕੋਲ 922 ਆਈਸੀਯੂ ਤੇ 4,938 ਨੌਨ-ਆਈਸੀਯੂ ਬੈੱਡ ਉਪਲਬਧ ਹਨ।
ਦੂਜੇ ਪਾਸੇ ਪੰਜਾਬ ਸਿਹਤ ਵਿਭਾਗ ਤੇ ਕੇਂਦਰੀ ਸਿਹਤ ਮੰਤਰਾਲੇ ਦਾ ਅੰਦਾਜ਼ਾ ਨੀਤੀ ਆਯੋਗ ਤੋਂ ਬਿਲਕੁਲ ਵੱਖਰਾ ਹੈ। ਪੰਜਾਬ ਦੇ ਸਿਹਤ ਵਿਭਾਗ ਮੁਤਾਬਕ 30 ਜੂਨ ਤਕ ਸੂਬੇ 'ਚ 900 ਆਈਸੀਯੂ ਤੇ 4,880 ਨੌਨ ਆਈਸੀਯੂ ਬੈੱਡਾਂ ਦੀ ਲੋੜ ਹੋਵੇਗੀ। ਇਸ ਤਰ੍ਹਾਂ ਕੇਂਦਰੀ ਸਿਹਤ ਮੰਤਰਾਲੇ ਦੇ ਅੰਦਾਜ਼ੇ ਮੁਤਾਬਕ ਪੰਜਾਬ 'ਚ 24 ਮਈ ਤਕ 602 ਆਈਸੀਯੂ ਬੈੱਡ ਤੇ 104 ਨੌਨ ਆਈਸੀਯੂ ਬੈੱਡਾਂ ਦੀ ਲੋੜ ਪਵੇਗੀ।
ਅਜਿਹੇ 'ਚ ਸੂਬੇ 'ਚ ਤਿੰਨ ਮਈ ਤੋਂ ਲੌਕਡਾਊਨ 'ਚ ਰਿਆਇਤਾਂ ਦੇਣ ਦੀ ਸਿਫ਼ਾਰਸ਼ ਕਰਦਿਆਂ ਕਰਫਿਊ 'ਤੇ ਵਿਚਾਰ ਕਰਨ ਲਈ ਬਣਾਈ ਕਮੇਟੀ ਨੇ ਕਿਹਾ ਕਿ ਸੂਬੇ 'ਚ ਸਿਹਤ ਸੁਵਿਧਾਵਾਂ ਦੇ ਢਾਂਚੇ ਨੂੰ ਬੇਹੱਦ ਖ਼ਰਾਬ ਸਥਿਤੀ ਨੂੰ ਝੱਲਣ ਲਈ ਤਿਆਰ ਕਰਨ ਦੀ ਲੋੜ ਹੈ।
ਕੋਰੋਨਾ ਵਾਇਰਸ ਦੀ ਮਾਰ ਦੁਨੀਆਂ ਭਰ ਦੇ ਕਈ ਦੇਸ਼ ਸਹਿ ਰਹੇ ਹਨ। ਅਜਿਹੇ 'ਚ ਪੰਜਾਬ 'ਚ ਵੀ ਇਸ ਖ਼ਤਰਨਾਕ ਵਾਇਰਸ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਬੇਸ਼ੱਕ ਦੁਨੀਆਂ ਭਰ 'ਚ ਲੋਕ ਇਸ ਬਿਮਾਰੀ ਤੋਂ ਖੱਜਲ-ਖੁਆਰ ਹੋ ਰਹੇ ਹਨ ਪਰ ਇਸ ਔਖੀ ਘੜੀ 'ਚ ਪੰਜਾਬ ਦੀਆਂ ਸਿਹਤ ਸੁਵਿਧਾਵਾਂ ਦੀ ਪੋਲ ਜ਼ਰੂਰ ਖੁੱਲ੍ਹ ਕੇ ਸਾਹਮਣੇ ਆਈ ਹੈ ਜਿਸ ਤਰ੍ਹਾਂ ਆਏ ਦਿਨ ਸਰਕਾਰੀ ਹਸਪਤਾਲਾਂ 'ਚ ਸਿਹਤ ਸੁਵਿਧਾਵਾਂ ਦੀ ਘਾਟ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਤਾਂ ਇਹੀ ਕਿਹਾ ਜਾ ਸਕਦਾ ਕਿ ਪੰਜਾਬ ਵਾਸੀਆਂ ਦਾ ਰੱਬ ਹੀ ਰਾਖਾ ਹੈ।