ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਨਿੱਜੀ ਵਾਹਨ ਮਾਲਕਾਂ ਲਈ ਵੱਡਾ ਐਲਾਨ
ਵਿਕਰੀ ਸਮੇਂ ਪੰਜਾਬ 'ਚ ਰਜਿਸਟਰ ਕਿਸੇ ਵੀ ਨਿੱਜੀ ਵਾਹਨ ਦੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਿਟੀ ਕੋਲ ਟਰਾਂਸਫਰ ਸਮੇਂ ਹੁਣ ਬਿਨੈਕਰਤਾ ਨੂੰ ਮੂਲ ਰਜਿਸਟਰਿੰਗ ਅਥਾਰਿਟੀ ਕੋਲ ਐਨਓਸੀ ਲੈਣ ਜਾਣ ਦੀ ਲੋੜ ਨਹੀਂ ਹੋਵੇਗੀ।
ਚੰਡੀਗੜ੍ਹ: ਵਾਹਨਾਂ ਦੀ ਵਿਕਰੀ ਸਮੇਂ ਪੰਜਾਬ 'ਚ ਰਜਿਸਟਰ ਕਿਸੇ ਵੀ ਨਿੱਜੀ ਵਾਹਨ ਦੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਿਟੀ ਕੋਲ ਟਰਾਂਸਫਰ ਸਮੇਂ ਹੁਣ ਬਿਨੈਕਰਤਾ ਨੂੰ ਮੂਲ ਰਜਿਸਟਰਿੰਗ ਅਥਾਰਿਟੀ ਕੋਲ ਐਨਓਸੀ ਲੈਣ ਜਾਣ ਦੀ ਲੋੜ ਨਹੀਂ ਹੋਵੇਗੀ। ਅਜਿਹੇ ਮਾਮਲਿਆਂ 'ਚ ਟਰਾਂਸਪੋਰਟ ਵਿਭਾਗ ਵੱਲੋਂ ਐਨਓਸੀ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ।
ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਾਰੀ ਪ੍ਰਕਿਰਿਆ ਆਨਲਾਈਨ ਪ੍ਰਣਾਲੀ ਵਾਹਨ 4.0 ਵੱਲੋਂ ਕੀਤੀ ਜਾ ਰਹੀ ਹੈ। ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ ਫੀਸ ਤੇ ਫਿਟਨੈੱਸ ਆਦਿ ਰਜਿਸਟਰਿੰਗ ਅਥਾਰਿਟੀ ਕੋਲ ਉਪਲਬਧ ਹੁੰਦੀ ਹੈ। ਇਸ ਲਈ ਹੁਣ ਪੰਜਾਬ 'ਚ ਰਜਿਸਟਰਡ ਗੈਰ-ਟਰਾਂਸਪੋਰਟ ਵਾਹਨਾਂ ਦੇ ਟਰਾਂਸਫਰ ਲਈ ਵਾਹਨ ਮਾਲਕਾਂ ਨੂੰ ਐਨਓਸੀ ਲੈਣ ਲਈ ਸਬੰਧਤ ਦਫਤਰ 'ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।
ਮੌਜੂਦਾ ਪ੍ਰਣਾਲੀ ਤਹਿਤ ਵਾਹਨ ਦੀ ਵਿਕਰੀ ਦੇ ਮਾਮਲਿਆਂ 'ਚ ਗੈਰ-ਟਰਾਂਸਪੋਰਟ ਵਾਹਨਾਂ ਦੇ ਮਾਲਿਕਾਨਾ ਅਧਿਕਾਰ ਦਾ ਤਬਾਦਲਾ ਨਵੀਂ ਰਜਿਸਟਰਿੰਗ ਅਥਾਰਿਟੀ 'ਚ ਟਰਾਂਸਫਰ ਕੀਤੇ ਜਾਣ ਲਈ ਬਿਨੈਕਾਰ ਨੂੰ ਵਾਹਨ ਦੀ ਐਨਓਸੀ ਪ੍ਰਾਪਤ ਕਰਨ ਲਈ ਮੂਲ ਰਜਿਸਟਰਿੰਗ ਆਥਾਰਿਟੀ ਕੋਲ ਜਾਣਾ ਪੈਂਦਾ ਹੈ।
ਹੁਣ ਬਿਨੈਕਾਰ ਮੂਲ ਆਰਟੀਏ, ਐਸਡੀਐਮ ਦਫਤਰਾਂ, ਜਿੱਥੇ ਵਾਹਨ ਰਜਿਸਟਰਡ ਹਨ, ਉੱਥੇ ਆਨਲਾਈਨ ਅਰਜ਼ੀ ਦੇ ਕੇ ਆਪਣੇ ਵਾਹਨ ਟਰਾਂਸਫਰ ਕਰਵਾ ਸਕਦੇ ਹਨ। ਇਸ ਨਾਲ ਟਰਾਂਸਫਰ ਲਈ ਵੱਖ-ਵੱਖ ਰਜਿਸਟਰਿੰਗ ਅਥਾਰਿਟੀ ਕੋਲ ਜਾਣ ਦੀ ਲੰਬੀ ਪ੍ਰਕਿਰਿਆ ਤੇ ਸਮੇਂ ਦੀ ਬੱਚਤ ਹੋਵੇਗੀ। ਸੂਬੇ 'ਚ ਹਰ ਸਾਲ ਇਕ ਲੱਖ ਤੋਂ ਜ਼ਿਆਦਾ ਨਿੱਜੀ ਵਾਹਨਾਂ ਦਾ ਮਾਲਿਕਾਨਾ ਅਧਿਕਾਰ ਟਰਾਂਸਫਰ ਕੀਤਾ ਜਾਂਦਾ ਹੈ। ਅਜਿਹੇ 'ਚ ਇਹ ਲੋਕਾਂ ਲਈ ਵੱਡੀ ਸੁਵਿਧਾ ਰਹੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ