ਕੈਪਟਨ ਨੇ ਮੁਕੰਮਲ ਲੌਕਡਾਊਨ ਦੇ ਦਿੱਤੇ ਸੰਕੇਤ, ਜਨਤਾ ਨੂੰ ਦਿੱਤੀ ਸਖ਼ਤ ਚੇਤਾਵਨੀ
ਮੁੱਖ ਮੰਤਰੀ ਪੰਜਾਬ ਬਾਰ ਬਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਮੁਕੰਮਲ ਲੌਕਡਾਊਨ ਦੇ ਹੱਕ ਵਿੱਚ ਨਹੀਂ ਹਨ, ਪਰ ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ ਪੂਰਨ ਲੌਕਡਾਊਨ ਲਾਉਣ ਦੇ ਸੰਕੇਤ ਵੀ ਦੇ ਦਿੱਤੇ ਹਨ।
ਚੰਡੀਗੜ੍ਹ: ਕੋਰੋਨਾਵਾਇਸ ਦੇ ਹਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਰੁੱਕਦੀ ਨਜ਼ਰ ਨਹੀਂ ਆ ਰਹੀ।ਕੈਪਟਨ ਸਰਕਾਰ ਨੇ ਕੋਰੋਨਾ ਦੇ ਚੇਨ ਤੋੜਨ ਲਈ ਸਖ਼ਤ ਪਾਬੰਦੀਆਂ ਲਾਗੂ ਕਰਨ ਲਈ ਬੀਤੇ ਕੱਲ੍ਹ ਨਵੀਆਂ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਹਨ।ਮੁੱਖ ਮੰਤਰੀ ਪੰਜਾਬ ਬਾਰ ਬਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਮੁਕੰਮਲ ਲੌਕਡਾਊਨ ਦੇ ਹੱਕ ਵਿੱਚ ਨਹੀਂ ਹਨ, ਪਰ ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ ਪੂਰਨ ਲੌਕਡਾਊਨ ਲਾਉਣ ਦੇ ਸੰਕੇਤ ਵੀ ਦੇ ਦਿੱਤੇ ਹਨ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੱਟ ਕੀਤਾ ਹੈ ਉਹ ਲੌਕਡਾਊਨ ਦੇ ਹੱਕ ਵਿੱਚ ਨਹੀਂ ਹਨ, ਪਰ ਜੇਕਰ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਹ ਪੂਰਨ ਲੌਕਡਾਊਨ ਵਿਚਾਰਨ ਲਈ ਮਜਬੂਰ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਰਾਜ ਵਿੱਚ ਸਖ਼ਤ ਲੌਕਡਾਊਨ ਦੇ ਆਦੇਸ਼ ਦੇਣ ਤੋਂ ਗੁਰੇਜ਼ ਕੀਤਾ ਹੈ ਕਿਉਂਕਿ ਇਸ ਨਾਲ ਸਭ ਤੋਂ ਵੱਧ ਗਰੀਬਾਂ ਨੂੰ ਠੇਸ ਪਹੁੰਚੇਗੀ ਅਤੇ ਪ੍ਰਵਾਸੀ ਮਜ਼ਦੂਰ ਪਹਿਲਾਂ ਵਾਂਗ ਪਿੱਤਰੀ ਸੂਬਿਆਂ ਨੂੰ ਕੂਚ ਕਰ ਜਾਣਗੇ ਅਤੇ ਉਦਯੋਗਾਂ ਵਿੱਚ ਫਿਰ ਹਫੜਾ-ਦਫੜੀ ਵਾਲਾ ਮਾਹੌਲ ਬਣ ਜਾਏਗਾ। ਹਾਲਾਂਕਿ, ਜੇਕਰ ਜਨਤਾ ਲਗਾਈਆਂ ਗਈਆਂ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਨਹੀਂ ਕਰਦੀ ਤਾਂ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਇਸ ਵਕਤ ਸਖ਼ਤ ਬੰਦਸ਼ਾਂ ਦੇ ਬਾਵਜੂਦ ਨਰਮ ਰੁਖ ਦੀ ਸਥਿਤੀ ਵਿਚ ਹੈ। ਇਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੌਜੂਦਾ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਨੇ ਨਵੀਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।
1. ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਵਿੱਚ ਕੈਮਿਸਟ, ਦੁੱਧ, ਬ੍ਰੈੱਡ, ਫਲ, ਸਬਜੀਆਂ, ਪੋਲਟਰੀ ਮੀਟ, ਦੀਆਂ ਦੁਕਾਨਾਂ ਅਤੇ ਮੋਬਾਇਲ ਰਿਪੇਅਰ ਆਦਿ ਖੁੱਲ੍ਹਣਗੀਆਂ।
2. ਬਿਨ੍ਹਾਂ ਕੋਵਿਡ ਨੈਗੇਟਿਵ ਰਿਪੋਰਟ ਜਾਂ ਕੋਰੋਨਾ ਵੈਕਸਿਨ ਸਰਟੀਫਿਕੇਟ ਦੇ ਕੋਈ ਵੀ ਪੰਜਾਬ ਅੰਦਰ ਹਵਾਈ ਸੇਵਾ, ਰੇਲ ਜਾਂ ਸੜਕ ਦੇ ਰਸਤੇ ਦਾਖਲ ਨਹੀਂ ਹੋ ਸਕਦਾ।
3. ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਨਾਲ ਹੀ ਕੰਮ ਕਰਨਗੇ।
4. ਫੋਰ ਵ੍ਹੀਲਰ ਵਾਹਨ 'ਚ ਸਿਰਫ ਦੋ ਲੋਕ ਹੀ ਬੈਠਣਗੇ।
5. ਪਰਿਵਾਰਕ ਮੈਂਬਰ ਤੋਂ ਬਿਨ੍ਹਾਂ ਮੋਟਰਸਾਇਕਲ ਜਾਂ ਸਕੂਟਰ ਤੇ ਦੋ ਲੋਕ ਸਫ਼ਰ ਨਹੀਂ ਕਰ ਸਕਣਗੇ।
6. ਵਿਆਹ ਅਤੇ ਅੰਤਿਮ ਸੰਸਕਾਰ ਵਿੱਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ।
7. ਵੀਕੈਂਡ ਲੌਕਡਾਊਨ ਜਾਂ ਨਾਈਟ ਕਰਫਿਊ ਨੂੰ ਯਕੀਨੀ ਬਣਾਉਣ ਲਈ ਠੀਕਰੀ ਪਹਿਰੇ ਲਾਏ ਜਾਣਗੇ।
8. ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ।
9. ਰੇੜ੍ਹੀ-ਫੜ੍ਹੀ ਲਾਉਣ ਵਾਲਿਆਂ ਦਾ ਵੀ ਹੋਏਗਾ RT-PCR ਟੈਸਟ।
10. ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਹੈ ਕਿ ਟੋਲ ਪਲਾਜ਼ਾ ਆਦਿ ਤੇ ਇਕੱਠ ਨਾ ਕਰਨ ਅਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੀ ਸੀਮਤ ਕਰਨ।