Ram Mandir: ਹੁਣ ਗੁ: ਗਿਆਨ ਗੋਦੜੀ, ਮੰਗੂ ਮੱਠ ਤੇ ਡਾਂਗਮਾਰ ਦਾ ਉੱਠਿਆ ਮੁੱਦਾ, ਗੁਰਦੁਆਰਿਆਂ ਤੋਂ ਕਬਜ਼ੇ ਛੁਡਵਾਉਣ ਦੀ ਸਰਕਾਰ ਨੂੰ ਅਪੀਲ
Ram Mandir Inauguration: ਗੁ: ਡਾਂਗਮਾਰ, ਗੁ: ਮੰਗੂ ਮੱਠ ਅਤੇ ਗੁ: ਗਿਆਨ ਗੋਦੜੀ, ਜੋ ਕਿ ਕਿਸੇ ਨਾ ਕਿਸੇ ਤਰਾਂ ਸਿੱਖਾਂ ਤੋਂ ਖੋਹ ਲਏ ਗਏ ਸਨ, ਪ੍ਰਤੀ ਸਿੱਖ ਮਨਾਂ ’ਚ ਲਗਾਤਾਰ ਬਣੀ ਆ ਰਹੀ ਪੀੜਾ ਨੂੰ ਹਿੰਦੂ ਸਮਾਜ ਬਹੁਤ ਬਿਹਤਰ ਸਮਝ ਸਕਦਾ ਹੈ
Ram Mandir Inauguration: ਸਿੱਖ ਚਿੰਤਕ ਅਤੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਚ ਸਦੀਆਂ ਦੀ ਉਡੀਕ ਅਤੇ ਬੜੀਆਂ ਕੌੜੀਆਂ ਯਾਦਾਂ ਨੂੰ ਪਿੱਛੇ ਛੱਡਦਿਆਂ ਭਾਰਤ ਅੱਜ ਸਦਭਾਵਨਾ ਦਾ ਨਵਾਂ ਬਿਰਤਾਂਤ ਲਿਖਣ ਜਾ ਰਿਹਾ ਹੈ। ਅਯੁੱਧਿਆ ਦੇ ਨਵ ਨਿਰਮਾਣ ਰਾਮ ਮੰਦਰ ’ਚ ਰਾਮ ਲੱਲ੍ਹਾ ਦੀ ਮੂਰਤੀ ਦੇ ਅਲੌਕਿਕ ਸਿੰਘਾਸਣ ’ਤੇ ਬਿਰਾਜਮਾਨ ਹੋ ਕੇ ਪ੍ਰਾਣ ਪ੍ਰਤਿਸ਼ਠਾ ਹੋਣ ਨੂੰ ਲੈ ਕੇ ਪੂਰਾ ਭਾਰਤੀ ਸਮਾਜ ਭਾਵਨਾਤਮਕ ਅਤੇ ਫ਼ਿਜ਼ਾ ਰਾਮਮਈ ਹੈ।
ਅਜਿਹੀ ਸਥਿਤੀ ’ਚ ਸਿੱਖ ਭਾਈਚਾਰੇ ਦੀ ਧਾਰਮਿਕ ਆਸਥਾ ਅਤੇ ਗੁਰੂ ਨਾਨਕ ਜੀ ਦੀ ਯਾਦ ਨਾਲ ਜੁੜੇ ਗੁਰਦੁਆਰਾ ਡਾਂਗਮਾਰ ਤੇ ਗੁ: ਮੰਗੂ ਮੱਠ ਦੇ ਮਾਮਲੇ ਨੂੰ ਹੱਲ ਕਰਨ ਅਤੇ ਹਰਿਦੁਆਰ ਵਿਖੇ ਢਾਹ ਦਿੱਤੇ ਗਏ ਗੁਰਦੁਆਰਾ ਗਿਆਨ ਗੋਦੜੀ ਦੀ ਉਸੇ ਅਸਥਾਨ ’ਤੇ ਮੁੜ ਉਸਾਰੀ ਵਰਗਾ ਠੋਸ ਕਦਮ ਨਿਸ਼ਚੇ ਹੀ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਭਾਰਤ ਨੂੰ ਏਕਾਤਮਕਤਾ ਦੇ ਸੂਤਰ ਵਿਚ ਬੰਨ੍ਹਣ ’ਚ ਸਹਾਈ ਹੋਵੇਗੀ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਰਾਮ ਮੰਦਰ ਦਾ ਨਵ ਨਿਰਮਾਣ ਜਿੱਥੇ ਰਾਸ਼ਟਰੀ ਪੁਨਰ ਜਾਗਰਣ ਦਾ ਪ੍ਰਤੀਕ ਹੈ ਉੱਥੇ ਹੀ ਹਿੰਦੂ ਸਮਾਜ ਦੀ ਧਾਰਮਿਕ ਆਸਥਾ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਰਾਮ ਮੰਦਰ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਨੂੰ ਢਾਹੇ ਜਾਣ ਦੀ ਵੱਡੀ ਪੀੜਾ ਹਿੰਦੂ ਸਮਾਜ ਤੋਂ ਵੱਧ ਕੌਣ ਜਾਣ ਸਕਦਾ ਹੈ?
ਇਸ ਲਈ ਗੁ: ਡਾਂਗਮਾਰ, ਗੁ: ਮੰਗੂ ਮੱਠ ਅਤੇ ਗੁ: ਗਿਆਨ ਗੋਦੜੀ, ਜੋ ਕਿ ਕਿਸੇ ਨਾ ਕਿਸੇ ਤਰਾਂ ਸਿੱਖਾਂ ਤੋਂ ਖੋਹ ਲਏ ਗਏ ਸਨ, ਪ੍ਰਤੀ ਸਿੱਖ ਮਨਾਂ ’ਚ ਲਗਾਤਾਰ ਬਣੀ ਆ ਰਹੀ ਪੀੜਾ ਨੂੰ ਹਿੰਦੂ ਸਮਾਜ ਬਹੁਤ ਬਿਹਤਰ ਸਮਝ ਸਕਦਾ ਹੈ। ਸਿੱਖ ਭਾਈਚਾਰਾ ਇਨ੍ਹਾਂ ਗੁਰ ਅਸਥਾਨਾਂ ਨੂੰ ਮੁੜ ਹਾਸਲ ਕਰਨ ਲਈ ਲਗਾਤਾਰ ਜੱਦੋ ਜਹਿਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰ ਅਸਥਾਨਾਂ ਪ੍ਰਤੀ ਸਿੱਖਾਂ ਦੀਆਂ ਭਾਵਨਾਵਾਂ ਅਤੇ ਇਤਿਹਾਸਕ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੀ ਮਰਯਾਦਾ ਪੂਰਨ ਸੁਚੱਜੀ ਸੇਵਾ ਸੰਭਾਲ ਕੇਵਲ ਸਿੱਖ ਭਾਈਚਾਰਾ ਅਤੇ ਜਥੇਬੰਦੀਆਂ ਹੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਨੂੰ ਮੁੜ ਹਾਸਲ ਕਰਨ ਅਤੇ ਭਾਰਤ ਤੇ ਭਾਰਤੀ ਸਮਾਜ ਪ੍ਰਤੀ ਸਿੱਖਾਂ ਦੀ ਹਮੇਸ਼ਾਂ ਸਾਰਥਿਕ ਤੇ ਅਹਿਮ ਭੂਮਿਕਾ ਰਹੀ ਹੈ। ਸਮਾਜ ’ਚ ਕੁੜੱਤਣ ਅਤੇ ਵਿਵਾਦ ਪੈਦਾ ਕਰਨ ’ਚ ਲੱਗੀਆਂ ਤਾਕਤਾਂ ਨੂੰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਖ਼ੁਸ਼ੀ ਅਤੇ ਇਤਿਹਾਸਕ ਮੌਕੇ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੂੰ ਸਿੱਖਾਂ ਤੋਂ ਵਿਛੋੜੇ ਗਏ ਉਕਤ ਗੁਰਦੁਆਰਿਆਂ ਨੂੰ ਸਿੱਖ ਪੰਥ ਨੂੰ ਮੁੜ ਦਿਵਾਉਣ ’ਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ, ਇਸ ਲਈ ਉਨ੍ਹਾਂ ਨੂੰ ਤੁਰੰਤ ਠੋਸ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਉਤਰਾਖੰਡ ਦੇ ਹਰਿਦੁਆਰ ਵਿਖੇ ਗੰਗਾ ਕਿਨਾਰੇ ਹਰਿ ਕੀ ਪੌੜੀ ਸਥਿਤ ਇਤਿਹਾਸਕ 'ਗੁਰਦੁਆਰਾ ਗਿਆਨ ਗੋਦੜੀ ਸਾਹਿਬ' ਉਹ ਇਤਿਹਾਸਕ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਉੱਥੇ ਪੁੱਜ ਕੇ ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ 'ਗਿਆਨ ਦਾ ਪ੍ਰਕਾਸ਼' ਕੀਤਾ ਸੀ।
ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਉਸੇ ਅਸਥਾਨ ’ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਤ ਕੀਤਾ ਗਿਆ ਸੀ, ਜਿਸ ਨੂੰ 1979 ਵਿੱਚ ਕਿਸੇ ਕਾਰਨ ਢਾਹ ਦਿੱਤਾ ਗਿਆ ਸੀ। ਇਸੇ ਤਰਾਂ ਸਿੱਕਮ ਦੇ ਭਾਰਤ ਤਿੱਬਤ ਬਾਰਡਰ 'ਤੇ ਕਚਨ ਜੰਗਾ ਪਹਾੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੀ ਯਾਦ ਨਾਲ ਸੰਬੰਧਿਤ ਗੁਰਦਵਾਰਾ ਗੁਰੂ ਡਾਂਗ ਮਾਰ ਸਾਹਿਬ ਵਿਚੋਂ ਕੁਝ ਸਾਲ ਪਹਿਲਾਂ ਕੁੱਝ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਸਮਾਨ ਬਾਹਰ ਕੱਢ ਕੇ ਬੇਅਦਬੀ ਕਰਦਿਆਂ ਗੁਰਦੁਆਰਾ ਸਿੱਖਾਂ ਤੋਂ ਖੋਹ ਲਿਆ ਗਿਆ। ਇਸੇ ਤਰਾਂ ਦੀ ਕਹਾਣੀ ਉੜੀਸਾ ’ਚ ਗੁਰਦੁਆਰਾ ਪੰਜਾਬੀ ਮੱਠ ਤੇ ਮੰਗੂ ਮੱਠ ਨੂੰ ਢਾਹੇ ਜਾਣ ਦੀ ਹੈ।