ਕੋਰੋਨਾ ਦੇ ਕਹਿਰ 'ਚ ਪੰਜਾਬ ਲਈ ਨਵਾਂ ਸੰਕਟ! ਕੇਂਦਰ ਨੇ ਘਟਾਇਆ ਆਕਸੀਜਨ ਦਾ ਕੋਟਾ
ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪਰੈਲ, 2021 ਨੂੰ 126 ਐਮਟੀ (ਸਥਾਨਕ ਏਐਸਯੂਜ਼ ਤੋਂ 32 ਐਮਟੀ ਸਹਿਤ) ਦੀ ਅਲਾਟਮੈਂਟ ਕੀਤੀ ਗਈ ਸੀ ਪਰ ਇਹ ਅਲਾਟਮੈਂਟ 25 ਅਪਰੈਲ, 2021 ਵਾਲੇ ਹਫ਼ਤੇ ਤੋਂ ਘਟਾ ਕੇ 82 ਐਮਟੀ ਕਰ ਦਿੱਤੀ ਗਈ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਕਹਿਰ ਵਿਚਾਲੇ ਪਹਿਲਾਂ ਵੈਕਸੀਨ ਦਾ ਸਟੌਕ ਖਤਮ ਹੋਇਆ ਤੇ ਨਾਲ ਹੀ ਆਕਸੀਜਨ ਦੇ ਸੰਕਟ ਦਾ ਵੀ ਖਤਰਾ ਪੈਦਾ ਹੈ ਗਿਆ ਹੈ। ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਠੱਪ ਹੋ ਗਿਆ ਕਿਉਂਕਿ ਵੈਕਸੀਨ ਦੀ ਸਟੌਕ ਖਤਮ ਹੋ ਗਿਆ। ਅੱਜ ਕੇਂਦਰ ਵੱਲੋਂ ਕੋਵੀਸ਼ੀਲਡ ਦੀਆਂ ਚਾਰ ਲੱਖ ਡੋਜ਼ ਭੇਜਣ ਦੀ ਉਮੀਦ ਹੈ ਜਿਸ ਮਗਰੋਂ ਟੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਸਕੇਗਾ।
ਦੂਜੇ ਪਾਸੇ ਸਭ ਤੋਂ ਵੱਡੀ ਸਮੱਸਿਆ ਆਕਸੀਜਨ ਦੀ ਪੈਦਾ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਆਕਸੀਜਨ ਦਾ ਕੋਟਾ ਘਟਾਇਆ ਹੈ ਜਿਸ ਕਰਕੇ ਸੰਕਟ ਖੜ੍ਹਾ ਹੋ ਸਕਦਾ ਹੈ। ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪਰੈਲ, 2021 ਨੂੰ 126 ਐਮਟੀ (ਸਥਾਨਕ ਏਐਸਯੂਜ਼ ਤੋਂ 32 ਐਮਟੀ ਸਹਿਤ) ਦੀ ਅਲਾਟਮੈਂਟ ਕੀਤੀ ਗਈ ਸੀ ਪਰ ਇਹ ਅਲਾਟਮੈਂਟ 25 ਅਪਰੈਲ, 2021 ਵਾਲੇ ਹਫ਼ਤੇ ਤੋਂ ਘਟਾ ਕੇ 82 ਐਮਟੀ ਕਰ ਦਿੱਤੀ ਗਈ। ਇਹ ਅਲਾਟਮੈਂਟ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਾਕਾਫ਼ੀ ਹੈ।
ਇਸ ਤੋਂ ਇਲਾਵਾ ਕੇਂਦਰੀ ਅਲਾਟਮੈਂਟ ਕੰਟਰੋਲ ਰੂਮ ਵੱਲੋਂ ਪੰਜਾਬ ਦੀ ਅਲਾਟਮੈਂਟ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (22 ਐਮਟੀ) ਨਾਲ ਰਲਗੱਡ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਨੂੰ ਹੁੰਦੀ ਅਲਾਟਮੈਂਟ ਹੋਰ ਵੀ ਘੱਟ ਗਈ ਹੈ। ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਲਈ ਰੋਜ਼ਾਨਾ ਘੱਟੋ-ਘੱਟ 120 ਐਮਟੀ ਨਿਰਵਿਘਨ ਆਕਸੀਜਨ ਸਪਲਾਈ ਦਿੱਤੀ ਜਾਵੇ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਦੋ ਮਹੀਨੇ ਪਹਿਲਾਂ ਮਨਜ਼ੂਰ ਕੀਤੇ ਪੀਐਸਏ ਪਲਾਂਟਾਂ ਨੂੰ ਵੀ ਛੇਤੀ ਸਥਾਪਤ ਕਰਨ ਦੀ ਆਪਣੀ ਅਪੀਲ ਦੁਹਰਾਈ ਹੈ। ਉਨ੍ਹਾਂ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਪੰਜਾਬ ਨੂੰ ਰੋਜ਼ਾਨਾ 120 ਐਮਟੀ ਦੀ ਸਪਲਾਈ ਕੀਤੀ ਜਾਵੇ ਜੋ ਪੰਜਾਬ ਦੇ ਕੋਟੇ ਵਿੱਚੋਂ ਪੀਜੀਆਈ ਐਮਈਆਰ, ਚੰਡੀਗੜ੍ਹ ਨੂੰ ਦਿੱਤੇ ਜਾਣ ਵਾਲੇ 22 ਐਮਟੀ ਹਿੱਸੇ ਤੋਂ ਵੱਖ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਪੰਜਾਬ ’ਚ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਖ਼ਪਤ/ਲੋੜ 105-110 ਐਮਟੀ ਦੇ ਨੇੜੇ ਹੈ। ਇਹ ਲੋੜ ਅਗਲੇ ਦੋ ਹਫ਼ਤਿਆਂ ਵਿੱਚ ਵਧ ਕੇ 150-170 ਐਮਟੀ ਤੱਕ ਪਹੁੰਚ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਲੋੜ ਜ਼ਿਆਦਾਤਰ ਬਾਹਰੋਂ ਪੂਰੀ ਹੋਣ ਕਰਕੇ ਕੇਂਦਰ ਵੱਲੋਂ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਸਪਲਾਈ ਸਬੰਧੀ ਕੀਤੀ ਗਈ ਅਲਾਟਮੈਂਟ ਅਨੁਸਾਰ ਸਪਲਾਈ ਦਾ ਬਰਕਰਾਰ ਰਹਿਣਾ ਸੂਬੇ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੇਹੱਦ ਅਹਿਮ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਉਤਪਾਦਕਾਂ/ਡਿਸਟਰੀਬਿਊਟਰਾਂ ਨੂੰ ਸਪਲਾਈ ਤੇ ਲਿਕੁਇਡ ਆਕਸੀਜਨ ਦੀ ਮੁੜ ਭਰਾਈ ਸੂਬੇ ਤੋਂ ਬਾਹਰਲੇ ਉਤਪਾਦਕਾਂ ਜਿਵੇਂ ਕਿ ਆਈਨੌਕਸ, ਬੱਦੀ (ਹਿਮਾਚਲ ਪ੍ਰਦੇਸ਼), ਏਅਰ ਲਿਕੁਇਡੇ, ਪਾਣੀਪਤ ਤੇ ਰੁੜਕੀ ਤੋਂ ਇਲਾਵਾ ਦੇਹਰਾਦੂਨ, ਸੇਲਾਕੁਈ (ਦੇਹਰਾਦੂਨ) ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ ਕੋਈ ਵੀ ਐਲਐਮਓ ਪਲਾਂਟ ਨਹੀਂ।