Punjab News: ਪੰਚਾਇਤੀ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ 'ਤੇ ਵਰ੍ਹੇ ਪਰਗਟ ਸਿੰਘ, ਉਠਾਏ ਵੱਡੇ ਸਵਾਲ
ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਪੰਜਾਬ ਸਰਕਾਰ ਉਪਰ ਰੱਜ ਕੇ ਵਰ੍ਹੇ ਹਨ। ਉਨ੍ਹਾਂ ਨੇ ਪੰਚਾਇਤੀ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ।
Punjab News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਪੰਜਾਬ ਸਰਕਾਰ ਉਪਰ ਰੱਜ ਕੇ ਵਰ੍ਹੇ ਹਨ। ਉਨ੍ਹਾਂ ਨੇ ਪੰਚਾਇਤੀ ਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਦੋ ਟਵੀਟ ਕਰਕੇ ਪੰਜਾਬ ਸਰਕਾਰ ਉਪਰ ਵਿਅੰਗ ਕਰਦਿਆਂ ਸਵਾਲ ਉਠਾਏ ਹਨ।
ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ...ਪੰਜਾਬ ਸਰਕਾਰ ਵੱਲੋਂ ਡੇਢ ਸਾਲ ਤੋਂ ਨਗਰ ਨਿਗਮ ਦੀਆਂ ਚੋਣਾਂ ਨਾ ਕਰਵਾਉਣ ਦਾ ਮਾਮਲਾ ਹਾਈਕੋਰਟ ਪਹੁੰਚਿਆ ਹੈ। ਬਤੌਰ ਮੁੱਖ ਮੰਤਰੀ ਪੰਜਾਬ ਵਿੱਚ ਸਮੇਂ ਸਿਰ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਨੂੰ ਛਿੱਕੇ ਟੰਗ ਕੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੀਆਂ ਚੋਣਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਿਆਦਾ ਸੰਜੀਦਾ ਨਜ਼ਰ ਆ ਰਹੇ ਹਨ।
ਉਸ ਤੋਂ ਇਲਾਵਾ ਪਰਗਟ ਸਿੰਘ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਉਪਜਾਊ ਜ਼ਮੀਨ ਤੇ ਪਾਰਕ ਬਣਾਉਣ ਲਈ 33 ਸਾਲਾਂ ਦੇ ਇਕਰਾਰ ਲਈ ਬੋਲੀ ਕਰਵਾਈ ਜਾ ਰਹੀ ਹੈ। ਪੰਜਾਬ ਵਿੱਚ ਪੰਚਾਇਤਾਂ ਭੰਗ ਹਨ, ਇਸ ਸਮੇਂ ਪੰਚਾਇਤ ਦੀ ਸਹਿਮਤੀ ਬਿਨਾਂ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣਾ ਕਿੱਥੋਂ ਤੱਕ ਜਾਇਜ਼ ਹੈ? ਇਹ ਸਿੱਧੇ ਤੌਰ 'ਤੇ ਪੰਚਾਇਤਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਵੱਲ ਕਦਮ ਹੈ।
ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸ਼ਨੀਵਾਰ ਨੂੰ ਚੋਣ ਅਧਾਰਿਤ ਸੂਬੇ ਹਰਿਆਣਾ ਲਈ ‘ਕੇਜਰੀਵਾਲ ਦੀਆਂ ਪੰਜ ਗਾਰੰਟੀਆਂ’ ਦਾ ਐਲਾਨ ਕੀਤਾ ਹੈ। ਇਨ੍ਹਾਂ ਗਾਰੰਟੀਆਂ ਵਿੱਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿੱਖਿਆ, ਸੂਬੇ ਦੀ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸ਼ਾਮਲ ਹੈ। ਇਸ ਸਾਲ ਦੇ ਅੰਤ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪੰਚਕੂਲਾ ’ਚ ਕੇਜਰੀਵਾਲ ਦੀਆਂ ਪੰਜ ਗਾਰੰਟੀਆਂ ਦੇ ਐਲਾਨ ਸਮੇਂ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਸੀਨੀਅਰ ਆਗੂ ਸੰਦੀਪ ਪਾਠਕ ਵੀ ਹਾਜ਼ਰ ਸਨ। ਇਸ ਮਗਰੋਂ ਹੀ ਪਰਗਟ ਸਿੰਘ ਨੇ ਸਵਾਲ ਉਠਾਇਆ ਹੈ ਕਿ ਪੰਜਾਬ ਸਰਕਾਰ ਨੂੰ ਨਗਰ ਨਿਗਮ ਚੋਣਾਂ ਨਾਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਜ਼ਿਆਦਾ ਅਹਿਮ ਨਜ਼ਰ ਆ ਰਹੀਆਂ ਹਨ।