ਪਟਿਆਲਾ ਹਿੰਸਾ ਮਾਮਲੇ ਦੇ ਮੁਲਜ਼ਮਾਂ ਦਾ ਰਿਮਾਂਡ ਖਤਮ, ਬਲਜਿੰਦਰ ਪਰਵਾਨਾ ਤੇ ਹਰੀਸ਼ ਸਿੰਗਲਾ ਨੂੰ ਅੱਜ ਕੀਤਾ ਜਾਵੇਗਾ ਅਦਾਲਤ 'ਚ ਪੇਸ਼
ਪਰਵਾਨਾ ਦਾ ਪਹਿਲਾ ਰਿਮਾਂਡ ਇਰਾਦਾ ਕਤਲ ਦੇ ਕੇਸ ’ਚ ਲਿਆ ਗਿਆ ਸੀ ਪਰ ਦੂਜੀ ਵਾਰ ਰਿਮਾਂਡ ਵਧਾਉਣ ਲਈ ਪੁਲਿਸ ਨੇ ਉਸ ਕੋਲ ਵਿਦੇਸ਼ੋਂ ਫੰਡ ਆਉਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਇਸ ਸਬੰਧੀ ਬੈਂਕ ਖਾਤਿਆਂ ਦੀ ਜਾਂਚ ਕਰਨ ਦਾ ਹਵਾਲਾ ਦਿੱਤਾ ਸੀ।
ਪਟਿਆਲਾ: ਪਟਿਆਲਾ ਹਿੰਸਾ ਮਾਮਲੇ ਦੇ ਮੁਲਜ਼ਮਾਂ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਮੁੱਖ ਮੁਲਜ਼ਾਮ ਵਜੋਂ ਨਾਮਜ਼ਦ ਬਲਜਿੰਦਰ ਪਰਵਾਨਾ ਤੇ ਹਰੀਸ਼ ਸਿੰਗਲਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਬਲਜਿੰਦਰ ਸਿੰਘ ਪਰਵਾਨਾ ਦਾ ਦੂਜੀ ਵਾਰ ਮਿਲਿਆ ਚਾਰ-ਰੋਜ਼ਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ। ਉਧਰ ਸ਼ਿਵ ਸੈਨਾ ਦੇ ਲੀਡਰ ਹਰੀਸ਼ ਸਿੰਗਲਾ ਦਾ ਰਿਮਾਂਡ ਵੀ ਅੱਜ ਤੱਕ ਹੈ।
ਇਸ ਤੋਂ ਇਲਾਵਾ ਘਟਨਾ ਵਾਲੇ ਦਿਨ ਇੱਕ ਸਿੱਖ ਕਾਰਕੁਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਰਿਮਾਂਡ ’ਤੇ ਚੱਲ ਰਹੇ ਹੁਸਨਪ੍ਰੀਤ ਤੇ ਦੋ ਸਾਥੀਆਂ ਦਾ ਦੂਜੀ ਵਾਰ ਮਿਲਿਆ ਪੁਲਿਸ ਰਿਮਾਂਡ ਵੀ ਅੱਜ ਹੀ ਖਤਮ ਹੋ ਰਿਹਾ ਹੈ। ਪੁਲਿਸ ਇਨ੍ਹਾਂ ਪੰਜਾਂ ਨੂੰ ਸੋਮਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕਰੇਗੀ।
ਦੱਸ ਦਈਏ ਕਿ ਪਰਵਾਨਾ ਦਾ ਪਹਿਲਾ ਰਿਮਾਂਡ ਇਰਾਦਾ ਕਤਲ ਦੇ ਕੇਸ ’ਚ ਲਿਆ ਗਿਆ ਸੀ ਪਰ ਦੂਜੀ ਵਾਰ ਰਿਮਾਂਡ ਵਧਾਉਣ ਲਈ ਪੁਲਿਸ ਨੇ ਉਸ ਕੋਲ ਵਿਦੇਸ਼ੋਂ ਫੰਡ ਆਉਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਇਸ ਸਬੰਧੀ ਬੈਂਕ ਖਾਤਿਆਂ ਦੀ ਜਾਂਚ ਕਰਨ ਦਾ ਹਵਾਲਾ ਦਿੱਤਾ ਸੀ। ਹਾਸਲ ਜਾਣਕਾਰੀ ਮੁਤਾਬਕ ਪੁਲੀਸ ਨੇ ਦਰਜਨਾਂ ਹੀ ਵਿਅਕਤੀਆਂ ਖ਼ਿਲਾਫ਼ ਕੁੱਲ ਛੇ ਕੇਸ ਦਰਜ ਕੀਤੇ ਸਨ ਜਿਸ ਸਬੰਧੀ ਹੁਣ ਤੱਕ 15 ਜਣਿਆ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਸਕਿਆ ਹੈ।
ਦੱਸ ਦਈਏ ਕਿ 29 ਅਪਰੈਲ ਨੂੰ ਪਟਿਆਲਾ ਵਿੱਚ ਹੋਈ ਹਿੰਸਾ ਕਾਰਨ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਪਟਿਆਲਾ ਵਿੱਚ ਪਿਛਲੇ ਹਫ਼ਤੇ ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਪਟਿਆਲਾ ਵਿੱਚ ਹੋਈ ਹਿੰਸਾ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੁਖਵਿੰਦਰ ਸਿੰਘ ਛੀਨਾ ਨੇ ਪਟਿਆਲਾ ਹਿੰਸਾ ਦੀ ਜਾਂਚ ਲਈ ਐਸਪੀ ਮਹਿਤਾਬ ਸਿੰਘ ਦੀ ਨਿਗਰਾਨੀ ਹੇਠ ਐਸਆਈਟੀ ਬਣਾਈ ਹੈ। ਐਸਆਈਟੀ 29 ਅਪਰੈਲ ਨੂੰ ਇੱਥੇ ਦੋ ਧੜਿਆਂ ਵਿਚਾਲੇ ਹੋਈ ਝੜਪ ਦੀ ਵਿਸਤ੍ਰਿਤ ਜਾਂਚ ਕਰੇਗੀ।
ਯਾਦ ਰਹੇ ਕਾਲੀ ਮਾਤਾ ਮੰਦਰ ਦੇ ਬਾਹਰ ਜਿੱਥੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੈਂਬਰਾਂ ਨੇ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਉੱਥੇ ਝੜਪ ਹੋ ਗਈ ਸੀ। ਇਸ ਦੌਰਾਨ ਨਿਹੰਗ ਸਿੰਘਾਂ ਸਮੇਤ ਕੁਝ ਸਿੱਖ ਜਥੇਬੰਦੀਆਂ ਨੇ ਰੋਸ ਵਜੋਂ ਇੱਕ ਹੋਰ ਮਾਰਚ ਕੱਢਿਆ ਸੀ।