Punjab Corona Vaccination: ਪੱਟੀ 100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ ਵਿਚ ਵੱਸਦੇ ਇਸ ਸ਼ਹਿਰ ਵਿਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ।
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜਿਲੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ ਅਤੇ ਇਸ ਜਿਲੇ ਦਾ ਸ਼ਹਿਰ ਪੱਟੀ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਹੈ, ਜਿਸ ਦੇ ਸਾਰੇ ਯੋਗ ਵਾਸੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਝੇ ਦਾ ਮਸ਼ਹੂਰ ਸ਼ਹਿਰ ਪੱਟੀ ਦੇ 100 ਫੀਸਦੀ ਯੋਗ ਲਾਭਪਾਤਰੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਹੈ।
ਇਸ ਦੇ ਲਈ ਉਨ੍ਹਾਂ ਨੇ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਅਤੇ ਪੱਟੀ ਦੇ ਮੋਹਤਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕੰਮ ਕਿਸੇ ਇੱਕ ਆਦਮੀ ਜਾਂ ਇੱਕ ਵਿਭਾਗ ਦੇ ਵੱਸ ਦੀ ਗੱਲ ਨਹੀਂ, ਬਲਕਿ ਤੁਹਾਡੇ ਸਾਰਿਆਂ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਜਿੱਥੇ ਸ਼ਹਿਰ ਵਾਸੀਆਂ ਨੂੰ ਇਸ ਟੀਕੇ ਦੀ ਮਹੱਤਤਾ ਲਈ ਜਾਗਰੂਕ ਕੀਤਾ, ਉੱਥੇ ਹੀ ਟੀਕਾ ਲਗਵਾਉਣ ਦੇ ਪ੍ਰਬੰਧ ਵੀ ਕੀਤੇ। ਉਨ੍ਹਾਂ ਕਿਹਾ ਕਿ ਮੇਰੇ ਲਈ ਵੀ ਇਹ ਵੱਡੀ ਪ੍ਰਾਪਤੀ ਹੈ ਕਿ ਕਿਉਂਕਿ ਤੁਸੀਂ ਸਾਰੇ ਮੇਰੀ ਟੀਮ ਵਜੋਂ ਵਿਚਰ ਰਹੇ ਹੋ ਅਤੇ ਮੈਨੂੰ ਤੁਹਾਡੇ ਵਰਗੇ ਕਰਮਯੋਗੀਆਂ ਉਤੇ ਮਾਣ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ ਵਿਚ ਵੱਸਦੇ ਇਸ ਸ਼ਹਿਰ ਵਿਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ 31037 ਵਿਅਕਤੀਆਂ ਨੇ ਕੋਰੋਨਾ ਦਾ ਟੀਕਾ ਲਗਾਇਆ ਹੈ, ਜੋ ਕਿ 100 ਫੀਸਦੀ ਤੋਂ ਵੱਧ ਜਾਂਦਾ ਹੈ, ਕਿਉਂਕਿ ਇਸ ਵਿਚ ਕਈ ਵਿਦੇਸ਼ ਜਾਣ ਵਾਲੇ ਬੱਚੇ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸ ਚੋਂ 5689 ਵਿਅਕਤੀ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ। ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਤੇ ਡੀ. ਆਈ. ਓ ਸ੍ਰੀਮਤੀ ਵਰਦਿੰਰਪਾਲ ਕੌਰ ਨੇ ਦੱਸਿਆ ਕਿ ਇਸ ਲਈ ਸਾਨੂੰ ਪੱਟੀ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ। ਐਸਐਮਪੱਟੀ ਡਾ. ਗੁਰਪ੍ਰੀਤ ਰਾਏ ਅਤੇ ਪੱਟੀ ਟੀਕਾਕਰਨ ਦੇ ਨੋਡਲ ਅਧਿਕਾਰੀ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਟੀਕੇ ਦੀ ਨਿਰੰਤਰ ਸਪਲਾਈ ਜਾਰੀ ਰੱਖੀ, ਉਥੇ ਪੱਟੀ ਦੇ ਹਰ ਮੁਹੱਲੇ, ਗੁਰਦੁਆਰੇ ਅਤੇ ਮੰਦਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ।
ਇਹ ਵੀ ਪੜ੍ਹੋ: UAPA ਤਿਹਤ ਦਰਜ ਕੇਸਾਂ ’ਚ ਪੰਜਾਬ ਦੇਸ਼ ’ਚੋਂ 7ਵੇਂ ਨੰਬਰ ’ਤੇ, ਦੋ ਸਾਲਾਂ ’ਚ ਵਧ ਗਏ 18% ਅਪਰਾਧ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904