ਖ਼ਤਰੇ 'ਚ ਪੰਜਾਬ ਪੁਲਿਸ ! ਛਾਪੇਮਾਰੀ ਕਰਨ ਗਈ ਪੁਲਿਸ 'ਤੇ ਵਰ੍ਹਾਈਆਂ ਗੋਲ਼ੀਆਂ, ਘੇਰ-ਘੇਰ ਕੁੱਟੇ ਮੁਲਾਜ਼ਮ, ਕਈ ਥਾਈਂ ਪੁਲਿਸ ਨੂੰ ਬਣਾਇਆ ਨਿਸ਼ਾਨਾਂ
ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਭੱਜਦੇ ਸਮੇਂ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਲਈ ਹਵਾ ਵਿੱਚ ਗੋਲੀਆਂ ਵੀ ਚਲਾਈਆਂ।

Punjab News: ਪੰਜਾਬ ਪੁਲਿਸ ਉੱਤੇ ਲਗਾਤਾਰ ਹਮਲੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ ਟੀਮ ਜੋ ਕਿ ਛਾਪੇਮਾਰੀ ਕਰਨ ਗਈ ਸੀ, 'ਤੇ ਲਗਭਗ ਇੱਕ ਦਰਜਨ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ
ਇਸ ਮਾਮਲੇ ਵਿੱਚ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਰਾਮਾ ਮੰਡੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਸੀਆਈਏ ਸਟਾਫ ਦੇ ਕਰਮਚਾਰੀ ਏਐਸਆਈ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਮਾਮਲਾ ਦਰਜ ਕਰਕੇ ਕਈ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਕੀਤੀ ਹੈ।ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਥੀ ਏਐਸਆਈ ਬਲਕਾਰ ਸਿੰਘ ਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਸਨ। ਇਹ ਛਾਪਾ ਭਾਰਗਵ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਅਸਲਾ ਐਕਟ ਦੀ ਐਫਆਈਆਰ ਦੇ ਸਬੰਧ ਵਿੱਚ ਮਾਰਿਆ ਗਿਆ ਸੀ। ਜਦੋਂ ਟੀਮ ਛਾਪਾ ਮਾਰਨ ਲਈ ਪਹੁੰਚੀ ਤਾਂ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ।
ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਹੈੱਡ ਕਾਂਸਟੇਬਲ ਲਲਿਤ ਕੁਮਾਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਭੱਜਦੇ ਸਮੇਂ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਲਈ ਹਵਾ ਵਿੱਚ ਗੋਲੀਆਂ ਵੀ ਚਲਾਈਆਂ।
ਜਲੰਧਰ 'ਚ ਪੁਲਿਸ 'ਤੇ ਇੱਕ ਹੋਰ ਹਮਲਾ
ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਜਲੰਧਰ ਵਿੱਚ ਪਤੀ-ਪਤਨੀ ਵਿਚਕਾਰ ਹੋਏ ਝਗੜੇ ਤੋਂ ਬਾਅਦ ਲਾਠੀਮਾਰ ਮੁਹੱਲੇ ਵਿੱਚ ਨੋਟਿਸ ਦੇਣ ਗਈ ਪੁਲਿਸ ਟੀਮ 'ਤੇ ਮੁਹੱਲੇ ਦੇ ਦੋ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਮੁਲਜ਼ਮਾਂ ਨੇ ਸਬ ਇੰਸਪੈਕਟਰ ਬਲਜੀਤ ਸਿੰਘ ਤੇ ਉਸ ਦੇ ਨਾਲ ਆਏ ਕਰਮਚਾਰੀ ਦੀ ਵਰਦੀ ਵੀ ਪਾੜ ਦਿੱਤੀ ਜਿਸ ਤੋਂ ਬਾਅਦ ਕਰਮਚਾਰੀਆਂ ਨੇ ਤੁਰੰਤ ਬੈਕਅੱਪ ਫੋਰਸ ਨੂੰ ਬੁਲਾਇਆ ਤੇ ਦੋਵਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਹੁਸ਼ਿਆਰਪੁਰ ਵਿੱਚ ਵੀ ਹੋਇਆ ਹਮਲਾ
ਇੱਕ ਹੋਰ ਨਵਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਭੀੜ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ ਗਿਆ। ਦਰਅਸਲ, ਪ੍ਰਵਾਸੀ ਲੋਕ ਆਪਸ ਵਿੱਚ ਲੜ ਰਹੇ ਸਨ, ਜਦੋਂ ਪੁਲਿਸ ਨੇ ਵਿੱਚ-ਵਿਚਾਲੇ ਜਾ ਕੇ ਬਚਾਅ ਕਰਨ ਤੇ ਉਨ੍ਹਾਂ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਭੀੜ ਨੇ ਪੁਲਿਸ ਦੇ ਮੁਲਾਜ਼ਮਾਂ 'ਤੇ ਹੀ ਹਮਲਾ ਕਰ ਦਿੱਤਾ। ਸਿਵਲ ਕੱਪੜੇ ਪਹਿਨੇ ਇੱਕ ਪੁਲਿਸ ਮੁਲਾਜ਼ਮ ਦੇ ਕਪੜੇ ਫਾੜ ਦਿੱਤੇ ਗਏ ਜਿਸ ਤੋਂ ਬਾਅਦ ਦੋ ਮੁਲਾਜ਼ਮ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਵੱਲੋਂ ਭਾਰੀ ਪੁਲਿਸ ਫੋਰਸ ਮੌਕੇ 'ਤੇ ਭੇਜੀ ਗਈ। ਇਸ ਹਮਲੇ ਵਿੱਚ ਤਿੰਨ ਕਰਮਚਾਰੀ ਜ਼ਖਮੀ ਹੋਏ ਹਨ।






















